ਪੱਤਰ ਪ੍ਰੇਰਕ
ਅਮਲੋਹ, 15 ਫਰਵਰੀ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰ ਅਤੇ ਜੀਟੀਯੂ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਐੱਸਸੀਬੀਸੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਹੇਠ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਫੈਜ਼ੂਲਾਪੁਰ ਨੂੰ ਕਥਿਤ ਮੰਦੀ ਸ਼ਬਦਾਵਲੀ ਬੋਲੀ ਕਾਰਨ ਐੱਸਡੀਐੱਮ ਅਮਲੋਹ ਦੇ ਦਫ਼ਤਰ ਅੱਗੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਇੱਕ ਅੰਗਹੀਣ ਅਧਿਆਪਕ ਦੀ ਡਿਊਟੀ ਕਟਵਾਉਣ ਦੀ ਬੇਨਤੀ ਯੂਨੀਅਨ ਦੇ ਸੀਨੀਅਰ ਆਗੂ ਜਗਤਾਰ ਸਿੰਘ ਫੈਜ਼ੂਲਾਪੁਰ ਰਾਹੀਂ ਐਸਡੀਐਮ ਨੂੰ ਕੀਤੀ ਗਈ ਸੀ ਪ੍ਰੰਤੂ ਉਨ੍ਹਾਂ ਇਸ ਨੂੰ ਮੰਨਣ ਦੀ ਥਾਂ ਕਥਿਤ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਕਾਰਨ ਇਹ ਧਰਨਾ ਦਿੱਤਾ ਗਿਆ। ਇਸ ਮੌਕੇ ਜੋਸ਼ੀਲ ਤਿਵਾੜੀ, ਮੱਘਰ ਸਿੰਘ, ਬੂਟਾ ਸਿੰਘ ਭੰਦੋਹਲ, ਬਲਵੀਰ ਸਿੰਘ ਅਤੇ ਨਾਜ਼ਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।
ਕਿਸੇ ਅਧਿਆਪਕ ਨਾਲ ਕੋਈ ਰੰਜਿਸ਼ ਨਹੀਂ: ਐੱਸਡੀਐੱਮ
ਐੱਸਡੀਐੱਮ ਆਨੰਦ ਸਾਗਰ ਸ਼ਰਮਾ ਨੇ ਧਰਨੇ ਵਿੱਚ ਆ ਕੇ ਹਾਜ਼ਰ ਹੋ ਕੇ ਕਿਹਾ ਕਿ ਉਨ੍ਹਾਂ ਦੀ ਕਿਸੇ ਅਧਿਆਪਕ ਨਾਲ ਕੋਈ ਰੰਜ਼ਿਸ਼ ਨਹੀਂ ਹੈ। ਚੋਣਾਂ ਦੀ ਡਿਊਟੀ ਦੌਰਾਨ ਸਟਾਫ਼ ਪਹਿਲਾਂ ਹੀ ਘੱਟ ਸੀ ਅਤੇ ਹਾਲਾਤ ਅਜਿਹੇ ਬਣ ਜਾਣ ਕਾਰਨ ਉਨ੍ਹਾਂ ਕੋਲੋਂ ਕੁਝ ਕਿਹਾ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਅਧਿਆਪਕ ਦੇ ਵੱਕਾਰ ਨੂੰ ਕੋਈ ਠੇਸ ਨਹੀਂ ਪਹੁੰਚਾਈ ਜਾਵੇਗੀ।