ਪੱਤਰ ਪ੍ਰੇਰਕ
ਚੰਡੀਗੜ੍ਹ, 2 ਸਤੰਬਰ
ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਬਕਾਏ ਨਾ ਦੇਣ ਦੇ ਰੋਸ ਵਜੋਂ ਪੰਜਾਬ ਹਾਊਸਫੈੱਡ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਯੂ.ਟੀ. ਐਂਪਲਾਈਜ਼ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸਹਿਯੋਗ ਨਾਲ ਅੱਜ ਸੈਕਟਰ 34 ਚੰਡੀਗੜ੍ਹ ਸਥਿਤ ਹਾਊਸਫੈੱਡ ਦੇ ਮੁੱਖ ਦਫ਼ਤਰ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਾਕਾ ਸਿੰਘ, ਚੇਅਰਮੈਨ ਗੁਰਜ਼ਾਰ ਸਿੰਘ, ਯੂ.ਟੀ. ਮੈਂਟੀਨੈਂਸ ਐਂਪਲਾਈਜ਼ ਦੇ ਪ੍ਰਧਾਨ ਸੱਤ ਪ੍ਰਕਾਸ਼ ਸ਼ਰਮਾ, ਸੁਖਦੇਵ ਸਿੰਘ ਘੁੰਮਣ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਲਈ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਗਈ ਪਰ ਅਫ਼ਸੋਸ ਕਿ ਉੱਚ ਅਧਿਕਾਰੀਆਂ ਦੇ ਕਹਿਣ ਦੇ ਬਾਵਜੂਦ ਹਾਊਸਫੈੱਡ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਤੇ ਯੂ.ਟੀ. ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਕਰਤਾਰ ਸਿੰਘ ਪਾਲ ਨੇ ਕਿਹਾ ਕਿ ਹਾਊਸਫੈੱਡ ਵਿੱਚੋਂ ਸੇਵਾਮੁਕਤ ਹੋਏ ਕੁਝ ਕਰਮਚਾਰੀਆਂ ਨੂੰ ਦੋ ਸਾਲ ਤੋਂ ਉਨ੍ਹਾਂ ਦੇ ਬਣਦੇ ਬਕਾਏ ਨਹੀਂ ਦਿੱਤੇ ਗਏ ਅਤੇ ਵਿਭਾਗੀ ਤਰੱਕੀਆਂ ਵੀ ਨਹੀਂ ਕੀਤੀਆਂ ਗਈਆਂ।