ਆਤਿਸ਼ ਗੁਪਤਾ
ਚੰਡੀਗੜ੍ਹ, 4 ਜੁਲਾਈ
ਸ਼ਹਿਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਾਪਰ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਤੋਂ ਨਾਰਾਜ਼ ਸੈਕਟਰ 42 ਪਿੰਡ ਅਟਾਵਾ ਦੇ ਲੋਕਾਂ ਨੇ ਚੰਡੀਗੜ੍ਹ ਪੁਲੀਸ ਦੇ ਖ਼ਿਲਾਫ਼ ਅਟਾਵਾ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਵਾਸੀਆਂ ਨੇ ਇਕ ਘੰਟੇ ਦੇ ਕਰੀਬ ਸੜਕ ’ਤੇ ਰੋਸ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਲੋਕਾਂ ਨੇ ਥਾਣਾ ਸੈਕਟਰ 36 ਵਿੱਚ ਪਹੁੰਚ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਲਾਕਾ ਕੌਂਸਲਰ ਜਸਵੀਰ ਸਿੰਘ ਬੰਟੀ ਵੀ ਪਹੁੰਚੇ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਨ੍ਹਾਂ ਦੇ ਇਲਾਕੇ ਵਿੱਚ ਚੋਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਦੋਂ ਕਿ ਚੰਡੀਗੜ੍ਹ ਪੁਲੀਸ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਦੱਸਿਆ ਕਿ ਘਰਾਂ ’ਚ ਚੋਰੀਆਂ, ਵਾਹਨ ਅਤੇ ਵਾਹਨਾਂ ਦੀਆਂ ਬੈਟਰੀਆਂ ਤੋਂ ਇਲਾਵਾ ਬਹੁਤ ਸਾਰੀਆਂ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਮੌਕੇ ਥਾਣਾ ਸੈਕਟਰ 36 ਦੀ ਪੁਲੀਸ ਨੇ ਪਹੁੰਚ ਕੇ ਲੋਕਾਂ ਨੂੰ ਉਕਤ ਮਾਮਲੇ ਸਬੰਧੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਪੁਲੀਸ ਦੇ ਭਰੋਸੇ ਤੋਂ ਬਾਅਦ ਇਲਾਕਾ ਕੌਂਸਲਰ ਜਸਵੀਰ ਸਿੰਘ ਬੰਟੀ ਨੇ ਵੀ ਲੋਕਾਂ ਨੂੰ ਸਮਝਾਇਆ। ਪੁਲੀਸ ਅਤੇ ਇਲਾਕਾ ਕੌਂਸਲਰ ਦੇ ਸਮਝਾਉਣ ਤੋਂ ਬਾਅਦ ਲੋਕਾਂ ਨੇ ਪ੍ਰਦਰਸ਼ਨ ਖਤਮ ਕੀਤਾ।