ਕੁਲਦੀਪ ਸਿੰਘ
ਚੰਡੀਗੜ੍ਹ, 19 ਅਪਰੈਲ
ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮ.ਸੀ. ਐਂਪਲਾਈਜ਼ ਐੈਂਡ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਸੱਦੇ ’ਤੇ ਇਲੈਕਟ੍ਰੀਕਲ ਵਰਕਮੈਨ ਯੂਨੀਅਨ ਨੇ ਸੈਕਟਰ 25 ਵਿੱਚ ਆਊਟਸੋਰਸ ਵਰਕਰਾਂ ਦੀ ਛਾਂਟੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਵਰਕਰਾਂ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਰਾਕੇਸ਼ ਕੁਮਾਰ, ਪ੍ਰਧਾਨ ਕਿਸ਼ੋਰੀ ਲਾਲ, ਚੇਅਰਮੈਨ ਵਰਿੰਦਰ ਬਿਸ਼ਟ ਅਤੇ ਉਪ-ਪ੍ਰਧਾਨ ਜਸਪਾਲ ਸ਼ਰਮਾ ਨੇ ਪੁਰਾਣੇ ਕੰਮ ਕਰ ਰਹੇ ਵਰਕਰਾਂ ਦੀ ਛਾਂਟੀ ਦੀ ਨਿੰਦਾ ਕੀਤੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸੇ ਵੀ ਵਰਕਰ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜੈੱਮ ਪੋਰਟਲ ਦੇ ਠੇਕੇਦਾਰਾਂ ਦੀ ਧੱਕੇਸ਼ਾਹੀ ਅਤੇ ਠੇਕੇਦਾਰਾਂ ਵੱਲੋਂ ਆਊਟਸੋਰਸ ਵਰਕਰਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਪੋਰਟਲ ਦੇ ਠੇਕੇਦਾਰਾਂ ਖ਼ਿਲਾਫ਼ ਚੱਲ ਰਹੀ ਵਿਜੀਲੈਂਸ ਜਾਂਚ ਵਿੱਚ ਤੇਜ਼ੀ ਲਿਆਂਦੀ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਇਲੈਟ੍ਰੀਕਲ ਸਰਕਲ ਵਿੱਚ ਆ ਰਹੇ ਨਵੇਂ ਠੇਕੇਦਾਰ ਪੁਰਾਣੇ ਵਰਕਰਾਂ ਨੂੰ ਕੰਮ ਤੋਂ ਕੱਢ ਰਹੇ ਹਨ ਜਿਸ ਨਾਲ 100 ਤੋਂ ਵੀ ਜ਼ਿਆਦਾ ਵਰਕਰਾਂ ’ਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰੀਕਲ ਸਰਕਲ ਅਧੀਨ ਕੰਮ ਕਰ ਰਹੀਆਂ ਕਈ ਏਜੰਸੀਆਂ ਹਨ ਜੋ ਵਰਕਰਾਂ ਦੀ ਤਨਖਾਹ ਸਮੇਂ ਸਿਰ ਨਹੀਂ ਦਿੰਦੀਆਂ ਅਤੇ ਤਨਖਾਹ ਰਿਲੀਜ਼ ਕਰਨ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਜਾ ਰਹੀਆਂ ਹਨੈ। ਠੇਕੇਦਾਰ ਉਨ੍ਹਾਂ ਦਾ ਪੀ.ਐੱਫ. ਵੀ ਜਮ੍ਹਾਂ ਨਹੀਂ ਕਰਵਾ ਰਿਹਾ, ਕੋਈ ਲੇਬਰ ਕਾਨੂੰਨ ਵੀ ਲਾਗੂ ਨਹੀਂ ਕੀਤੇ ਜਾ ਰਹੇ। ਐਗਰੀਮੈਂਟ ਦੇ ਅਨੁਸਾਰ 15 ਛੁੱਟੀਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ।
ਰੈਲੀ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਪੈਟਰਨ ਸ਼ਾਮ ਲਾਲ ਘਾਵਰੀ, ਚੇਅਰਮੈਨ ਅਨਿਲ ਕੁਮਾਰ, ਦਲਜੀਤ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਕੁਮਾਰ ਅਤੇ ਬਲਵਿੰਦਰ ਸਿੰਘ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਲਾਜ਼ਮ ਮੰਗਾਂ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਗਈ ਤਾਂ ਬਿਜਲੀ ਕਰਮਚਾਰੀ 26 ਅਪਰੈਲ ਨੂੰ ਯੂ.ਟੀ. ਸਕੱਤਰੇਤ ਨੂੰ ਮਾਰਚ ਕਰਨਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ’ਤੇ ਸਕੱਤਰ ਇੰਜੀਨੀਅਰਿੰਗ ਦੇ ਦਖਲ ਦੀ ਮੰਗ ਕੀਤੀ।