ਹਰਜੀਤ ਸਿੰਘ
ਡੇਰਾਬੱਸੀ/ਜ਼ੀਰਕਪੁਰ, 24 ਜੂਨ
ਪਾਵਰਕੌਮ ਦੇ ਠੇਕਾ ਮੁਲਾਜ਼ਮਾਂ ਵੱਲੋਂ ਆਪਣੀ ਮੰਗਾਂ ਸਬੰਧੀ ਅਤੇ ਲੰਘੇ ਦਿਨੀਂ ਜ਼ਖ਼ਮੀ ਹੋਏ ਮੁਲਾਜ਼ਮ ਵਿਜੈ ਕੁਮਾਰ ਨੂੰ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਅਗਾਊਂ ਹੜਤਾਲ ਕੀਤੀ ਗਈ। ਇਸ ਤਹਿਤ ਅੱਜ ਡੇਰਾਬੱਸੀ ਅਤੇ ਮੁਬਾਰਕਪੁਰ, ਜ਼ੀਰਕਪੁਰ ਖੇਤਰ ਵਿੱਚ ਪੈਂਦੇ ਪਾਵਰਕੌਮ ਦੇ ਦਫ਼ਤਰਾਂ ਵਿੱਚ ਠੇਕੇ ’ਤੇ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੇ ਆਪਣਾ ਕੰਮ ਬੰਦ ਕੀਤਾ। ਮੁਜ਼ਹਰਾਕਾਰੀਆਂ ਨੇ ਕਿਹਾ ਕਿ ਪਾਵਰਕੌਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸਮੂਹ ਸੀਐੱਚਬੀ ’ਤੇ ਡਬਲਿਊ ਠੇਕਾ ਮੁਲਾਜ਼ਮ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਰਵਈਏ ਖ਼ਿਲਾਫ਼ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵੱਲੋਂ ਸੰਘਰਸ਼ ਦਾ ਬਿਗੁਲ ਬਜਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਇਸ ਦੇ ਬਾਵਜੂਦ ਸਰਕਾਰ ਗੰਭੀਰ ਨਾ ਹੋਈ ਤਾਂ ਉਹ 25 ਜੂਨ ਨੂੰ ਪਟਿਆਲਾ ਮੁੱਖ ਦਫ਼ਤਰ ਵੱਲ ਕੂਚ ਕਰਨਗੇ।
ਘਨੌਲੀ (ਪੱਤਰ ਪ੍ਰੇਰਕ): ਇੱਥੇ ਸਾਂਝਾ ਮੰਚ ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ’ਤੇ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸਿਮਰਨਜੀਤ ਸਿੰਘ ਨੀਲੋਂ, ਧਰਮਿੰਦਰ ਸਿੰਘ ਹਰਮਨ, ਜਸਕਰਨ ਸਿੰਘ ਜੱਸੀ, ਪ੍ਰਗਟ ਸਿੰਘ ਘਨੌਲੀ ਆਦਿ ਨੇਤਾਵਾਂ ਨੇ ਕਿਹਾ ਕਿ ਅਦਾਰੇ ਦੀ ਮੈਨੇਜਮੈਂਟ ਨਾਲ ਪਟਿਆਲੇ ਵਿੱਚ ਹੋਈ ਮੀਟਿੰਗ ਦਾ ਲੰਬਾ ਸਮਾਂ ਬੀਤ ਜਾਣ ਉਪਰੰਤ ਵੀ ਕੋਈ ਸਿੱਟਾ ਨਹੀਂ ਨਿਕਲਿਆ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਨੇ ਵੀ ਢਾਈ ਸਾਲ ਲਾਰਿਆਂ ਵਿੱਚ ਹੀ ਲੰਘਾ ਦਿੱਤੇ ਹਨ। ਇਸ ਕਰ ਕੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਰੈਲੀ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ।
ਮੋਰਿੰਡਾ (ਸੰਜੀਵ ਤੇਜਪਾਲ): ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਸਵੇਰੇ 6 ਵਜੇ ਮੁਕੰਮਲ ਕੰਮ ਬੰਦ ਕਰ ਕੇ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਸਰਕਲ ਪ੍ਰਧਾਨ ਜੰਗ ਸਿੰਘ, ਸਤਨਾਮ ਸਿੰਘ, ਸੁਮਿਤ ਕੁਮਾਰ ਤੇ ਲਖਵੀਰ ਸਿੰਘ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਤੇ ਸਰਕਾਰ ਵੱਲੋਂ ਨਿੱਜੀਕਰਨ ਦੀ ਨੀਤੀ ਲਾਗੂ ਕਰ ਕੇ ਜਨਤਕ ਬਿਜਲੀ ਖੇਤਰ ਦਾ ਖ਼ਾਤਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 25 ਜੂਨ ਨੂੰ ਮੁਕੰਮਲ ਕੰਮ ਜਾਮ ਕਰ ਕੇ ਪਰਿਵਾਰਾਂ ਤੇ ਬੱਚਿਆਂ ਸਣੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਲਗਾਤਾਰ ਧਰਨਾ ਦਿੱਤਾ ਜਾਵੇਗਾ।