ਪੱਤਰ ਪ੍ਰੇਰਕ
ਪੰਚਕੂਲਾ, 7 ਮਾਰਚ
ਹਰਿਆਣਾ ਪੀਡਬਲਿਊਡੀ ਮਕੈਨੀਕਲ ਵਰਕਰ ਯੂਨੀਅਨ ਵੱਲੋਂ ਸੈਕਟਰ-4 ਪੰਚਕੂਲਾ ਵਿੱਚ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਹਰਿਆਣਾ ਤੋਂ ਪੁੱਜੇ ਸੈਂਕੜੇ ਮੁਲਾਜ਼ਮਾਂ ਨੇ ਵੱਖ ਵੱਖ ਸੈਕਟਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਦੇ ਵਿਸ਼ਾਲ ਧਰਨੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਹੋੲਹੀ ਸੀ। ਧਰਨੇ ਦੀ ਅਗਵਾਈ ਯੂਨੀਅਨ ਦੇ ਸੂਬਾਈ ਪ੍ਰਧਾਨ ਸ਼ਿਵ ਕੁਮਾਰ ਪਰਾਸਰ ਨੇ ਕੀਤੀ। ਪੀਡਬਲਿਊਡੀ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਕੱਚੇ ਕਰਮਚਾਰੀਆਂ ਨੂੰ ਬਕਾਇਆ ਤਨਖਾਹ ਦਿੱਤੀ ਜਾਵੇ, ਕੱਚੇ ਮੁਲਾਜ਼ਮਾਂ ਦੀ ਕੌਂਸਲ ਰੁਜ਼ਗਾਰ ਨਿਗਮ ਤਹਿਤ ਤਨਖ਼ਾਹ ਵਧਾਈ ਜਾਵੇ, ਤਕਨੀਕੀ ਪੋਸਟਾਂ ’ਤੇ ਕਰਮਚਾਰੀਆਂ ਨੂੰ 25,500 ਦੀ ਬੇਸਿਕ ਪੇਅ ਦਿੱਤੀ ਜਾਵੇ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੇ ਨਾਂ ਵਿਭਾਗ ਦੇ ਅਧਿਕਾਰੀ ਗੌਰਵ ਜੈਨ ਨੂੰ ਮੰਗ ਪੱਤਰ ਵੀ ਸੌਂਪਿਆ। ਇਨ੍ਹਾਂ ਤੋਂ ਇਲਾਵਾ ਧਰਨੇ ਨੂੰ ਯੂਨੀਅਨ ਦੇ ਬੁਲਾਰੇ ਸੰਦਲ ਸਿੰਘ ਰਾਣਾ, ਸੂਬਾਈ ਜਨਰਲ ਸਕੱਤਰ ਪੰਕਜ ਮਿੱਤਲ, ਸੂਬਾਈ ਖਜਾਨਚੀ ਰਾਮਪਾਲ ਸੈਣੀ, ਸੀਨੀਅਰ ਮੀਤ ਪ੍ਰਧਾਨ ਈਸ਼ਵਰ ਸਿੰਘ ਸ਼ਰਮਾ ਅਤੇ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ।