ਕੁਲਦੀਪ ਸਿੰਘ
ਚੰਡੀਗੜ੍ਹ, 18 ਜੁਲਾਈ
ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਪੀ.ਐੱਚਡੀ ਦਾਖਲਿਆਂ ਵਿੱਚ ਰਾਖਵਾਂਕਰਨ ਨੀਤੀ ਨੂੰ ਲਾਗੂ ਨਾ ਕਰਨ, ਐੱਸਸੀ/ਐੱਸਟੀ ਵਿਦਿਆਰਥੀਆਂ ਨੂੰ ਰਾਖਵੇਂਕਰਨ ਤੇ ਯੂਜੀਸੀ/ਏਆਈਸੀਟੀਈ ਦੇ ਨਿਯਮਾਂ ਮੁਤਾਬਕ ਹੋਸਟਲਾਂ ਦੀ ਅਲਾਟਮੈਂਟ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਵਾਈਸ ਚਾਂਸਲਰ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ। ਐਸੋਸੀਏਸ਼ਨ ਨੇ ਸੈਂਟਰ ਫਾਰ ਸੋਸ਼ਲ ਐਕਸਕਲੂਜ਼ਨ ਫਾਰ ਐਂਡ ਇਨਕਲੂਸਿਵ ਪਾਲਿਸੀ ਨੂੰ ਕਿਸੇ ਹੋਰ ਇਮਾਰਤ ਵਿੱਚ ਤਬਦੀਲ ਕਰਨ ਦੀ ਮੰਗ ਵੀ ਕੀਤੀ ਜਿੱਥੇ ਕਿ ਪੀ.ਐੱਚਡੀ ਦੀ ਦਾਖ਼ਲਾ ਪ੍ਰਕਿਰਿਆ ਆਸਾਨੀ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ।
ਐਸੋਸੀਏਸ਼ਨ ਦੇ ਆਗੂ ਬਲਿੰਦਰ ਨੇ ਕਿਹਾ ਕਿ ਪੀ.ਯੂ. ਦੇ ਹਰ ਵਿਦਿਆਰਥੀ ਹੋਸਟਲ ਵਿੱਚ ਐਸ.ਸੀ./ਐਸ.ਟੀ. ਵਿਦਿਆਰਥੀਆਂ ਲਈ ਸਾਢੇ 22 ਪ੍ਰਤੀਸ਼ਤ ਰਾਖਵਾਂਕਰਨ ਦੇਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਸਾਵਿੱਤਰੀ ਬਾਈ ਫੂਲੇ ਹੋਸਟਲ ਵਿੱਚ ਸਪੈਸ਼ਲ ਗਰਾਂਟ ਤਹਿਤ 120 ਕਮਰੇ, ਹੋਸਟਲ ਨੰਬਰ 6 ਵਿੱਚ 120 ਕਮਰੇ ਅਤੇ ਸੈਕਟਰ 25 ਵਿਖੇ ਨੀਰਜਾ ਭਨੋਟ ਹਾਲ ਵਿੱਚ ਵੀ ਰਾਖਵੇਂਕਰਨ ਤਹਿਤ ਕਮਰੇ ਉਪਲਬਧ ਹਨ ਪ੍ਰੰਤੂ ਪੀ.ਯੂ. ਅਥਾਰਿਟੀ ਐਸ.ਸੀ./ਐਸ.ਟੀ. ਵਿਦਿਆਰਥੀਆਂ ਨੂੰ ਇਹ ਕਮਰੇ ਅਲਾਟ ਨਹੀਂ ਕਰਦੀ।
ਇਸ ਦੌਰਾਨ ਹੋਰਨਾਂ ਵਿਦਿਆਰਥੀ ਆਗੂਆਂ ਗੁਰਦੀਪ ਸਿੰਘ, ਬਲਿੰਦਰ ਕੁਮਾਰ ਅਤੇ ਦਵਿੰਦਰ ਸਿੰਘ ਨੇ ਪੀ.ਯੂ. ਅਥਾਰਿਟੀ ਨੂੰ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਅਥਾਰਿਟੀ ਨੇ 15 ਦਿਨਾਂ ਦੇ ਅੰਦਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਵਿੱਚ ‘ਨੈਕ’ ਟੀਮ ਦੇ ਸਰਵੇਖਣ ਮੌਕੇ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ।