ਕੁਲਦੀਪ ਸਿੰਘ
ਚੰਡੀਗੜ੍ਹ, 19 ਜੁਲਾਈ
ਯੂ.ਟੀ. ਚੰਡੀਗੜ੍ਹ ਦੇ ਸੀਵਰੇਜ ਮੁਲਾਜ਼ਮਾਂ ਦੀ ਐਂਪਲਾਈਜ਼ ਯੂਨੀਅਨ ਦੇ ਸੱਦੇ ’ਤੇ ਮੁਲਾਜ਼ਮਾਂ ਵੱਲੋਂ ਅੱਜ ਸੈਕਟਰ 32 ਸਥਿਤ ਵਾਟਰ ਵਰਕਸ ਦੇ ਸਾਹਮਣੇ ਹੱਥਾਂ ਵਿੱਚ ਕਾਲ਼ੇ ਝੰਡੇ ਫੜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਪਲਾਈਜ਼ ਤੇ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੀਵਰੇਜ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ, ਜਨਰਲ ਸਕੱਤਰ ਨਰੇਸ਼ ਕੁਮਾਰ, ਮੀਤ ਪ੍ਰਧਾਨ ਰਾਹੁਲ ਵੈਦ ਨੇ ਕਿਹਾ ਕਿ ਵਾਰ-ਵਾਰ ਰੋਸ ਪ੍ਰਦਰਸ਼ਨਾਂ ਵਿੱਚ ਮੰਗ ਕੀਤੇ ਜਾਣ ਦੇ ਬਾਵਜੂਦ ਯੂਟੀ ਪ੍ਰਸ਼ਾਸਨ ਨਾ ਤਾਂ ਆਊਟਸੋਰਸਡ ਕਾਮਿਆਂ ਲਈ ਸੁਰੱਖਿਆ ਨੀਤੀ ਬਣਾ ਰਿਹਾ ਹੈ ਅਤੇ ਨਾ ਹੀ ਬਰਾਬਰ ਕੰਮ-ਬਰਾਬਰ ਤਨਖਾਹ ਦਾ ਫ਼ੈਸਲਾ ਲਾਗੂ ਕਰ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਨਲਾਇਕੀ ਕਰਕੇ ਠੇਕੇਦਾਰ ਕੰਪਨੀਆਂ ਵੱਲੋਂ ਇਨ੍ਹਾਂ ਮਿਹਨਤਕਸ਼ ਅਤੇ ਗਰੀਬ ਕਾਮਿਆਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ।
ਮੁਲਾਜ਼ਮ ਮੰਗਾਂ ਬਾਰੇ ਬੋਲਦਿਆਂ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਹੈੱਡ ਸੀਵਰਮੈਨਾਂ ਦੀਆਂ ਖਾਲੀ ਪਈਆਂ 7 ਅਸਾਮੀਆਂ ਜਲਦ ਭਰੀਆਂ ਜਾਣ, ਨਗਰ ਨਿਗਮ ਹਾਊਸ ਦੇ ਫੈਸਲੇ ਅਨੁਸਾਰ ਤੇਲ ਤੇ ਸਾਬਣ ਦੀ ਮਿਕਦਾਰ ਵਧਾਉਣ, ਗਮ ਬੂਟਾਂ ਅਤੇ ਰੇਨਕੋਟਾਂ ਦੀ ਅਦਾਇਗੀ ਜਲਦ ਕਰਨ, ਆਊਟਸੋਰਸ ਕਾਮਿਆਂ ਨੂੰ ਤੇਲ ਸਾਬਣ ਅਤੇ ਵਰਦੀ ਦਿੱਤੇ ਜਾਣ ਦੀ ਮੰਗ ਰੱਖੀ ਗਈ। ਆਗੂਆਂ ਨੇ ਇਹ ਵੀ ਮੰਗ ਰੱਖੀ ਕਿ ਐੱਸ.ਟੀ. ਪਲਾਂਟ ’ਤੇ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਚੰਡੀਗੜ੍ਹ ਦੇ ਡੀ.ਸੀ. ਰੇਟਾਂ ਮੁਤਾਬਕ ਤਨਖਾਹ, ਡੇਲੀਵੇਜ਼ ਕਾਮਿਆਂ ਨੂੰ 1 ਜਨਵਰੀ 2016 ਤੋਂ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣ, ਸੀਵਰਮੈਨਾਂ ਦਾ ਕੰਮ ਟੈਕਨੀਕਲ ਐਲਾਨਣ ਅਤੇ ਵੱਖਰੇ ਡੀ.ਸੀ. ਰੇਟ ਦਿੱਤੇ ਜਾਣ ਅਤੇ ਮਜ਼ਦੂਰਾਂ ਦੇ ਬੈਠਣ ਲਈ ਸਾਈਡਾਂ ’ਤੇ ਸ਼ੈੱਡ ਬਣਾਏ ਜਾਣ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 11 ਅਗਸਤ ਨੂੰ ਯੂ.ਟੀ. ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।