ਮੁਕੇਸ਼ ਕੁਮਾਰ
ਚੰਡੀਗੜ੍ਹ, 19 ਅਕਤੂਬਰ
ਨਗਰ ਨਿਗਮ ਵੱਲੋਂ ਪਾਣੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਦੇ ਖ਼ਿਲਾਫ ਫੈਡਰੇਸ਼ਨ ਆਫ ਸੈਕਟਰਜ਼ ਵੈਲਫੇਅਰ ਐਸੋਸੀਏਸ਼ਨਜ਼ (ਫਾਸਵੇਕ) ਵੱਲੋਂ ਅੱਜ ਇਥੇ ਸੈਕਟਰ 17 ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਕਾਂਗਰਸ ਪਾਰਟੀ ਦੇ ਕੌਂਸਲਰਾਂ ਸਮੇਤ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸੇ ਦੌਰਾਨ ਪਾਣੀ ਦੀਆਂ ਵਧਾਈਆਂ ਦਰਾਂ ਨੂੰ ਲੈ ਕੇ ਚੰਡੀਗੜ੍ਹ ਕਾਂਗਰਸ ਨੇ ਵੀ ਮੰਗਲਵਾਰ ਨੂੰ ਹੋਣ ਵਾਲੀ ਨਗਰ ਨਿਗਮ ਹਾਊਸ ਦੀ ਮੀਟਿੰਗ ਨੂੰ ਲੈਕੇ ਮੇਅਰ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਅੱਜ ਇਥੇ ਸੈਕਟਰ 17 ਵਿੱਚ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਹਾਜ਼ਰ ਲੋਕਾਂ ਨੇ ਚੰਡੀਗੜ੍ਹ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਖ਼ਿਲਾਫ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲਾ ਮੌਕਾ ਹੈ ਜਦੋਂ ਕਿਸੇ ਰੋਸ ਪ੍ਰਦਰਸ਼ਨ ਨੂੰ ਇੱਕ ਤੋਂ ਜ਼ਿਆਦਾ ਸਿਆਸੀ ਪਾਰਟੀਆਂ ਨੇ ਸਮਰਥਨ ਦਿੱਤਾ ਹੈ। ਫਾਸਵੇਕ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀਆਂ ਦਰਾਂ ਵਿੱਚ ਕੀਤਾ ਗਿਆ ਤਿੰਨ ਗੁਣਾ ਵਾਧਾ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਆਪਣੀ ਕਮਾਈ ਵਧਾਉਣ ਲਈ ਸ਼ਹਿਰ ਵਾਸੀਆਂ ’ਤੇ ਵਾਧੂ ਵਿੱਤੀ ਬੋਝ ਪਾ ਰਿਹਾ ਹੈ। ਅਜਿਹਾ ਕਰਨ ਤੋਂ ਪਹਿਲਾਂ ਨਿਗਮ ਨੂੰ ਸ਼ਹਿਰ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਉਪਲਬਧ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਚੰਡੀਗੜ੍ਹ ਨਗਰ ਨਿਗਮ ਇੱਕ ਕਾਰਪੋਰੇਟ ਹਾਊਸ ਦੀ ਤਰ੍ਹਾਂ ਸਿਰਫ ਵਿੱਤੀ ਲਾਭ ਲੈਣ ਲਈ ਕੰਮ ਕਰ ਰਿਹਾ ਹੈ ਅਤੇ ਆਪਣੀ ਕਮਾਈ ਨੂੰ ਮੁੱਖ ਰੱਖਦੇ ਹੋਏ ਨਿਗਮ ਵਲੋਂ ਨਿੱਤ ਕੋਈ ਨਵੀਂ ਸਕੀਮ ਘੜੀ ਜਾ ਰਹੀ ਹੈ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਕਿਹਾ ਕਿ ਨਿਗਮ ਵਲੋਂ ਚੰਡੀਗੜ੍ਹ ਵਾਸੀਆਂ ਦਾ ਆਰਥਿਕ ਤੌਰ ’ਤੇ ਕਚੂੰਮਰ ਕੱਢਿਆ ਜਾ ਰਿਹਾ ਹੈ।
ਨਿਗਮ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਦਵਿੰਦਰ ਸਿੰਘ ਬਬਲਾ ਸਮੇਤ ਕੌਂਸਲਰ ਸ਼ੀਲਾ ਫੂਲ ਸਿੰਘ, ਰਵਿੰਦਰ ਕੌਰ ਗੁਜਰਾਲ ਅਤੇ ਗੁਰਬਕਸ਼ ਰਾਵਤ ਨੇ ਕਿਹਾ ਨੇ ਨਗਰ ਨਿਗਮ ਵੱਲੋਂ ਪਹਿਲਾਂ ਹੀ ਸ਼ਹਿਰ ਦੀ ਜਨਤਾ ’ਤੇ ਕਈਂ ਤਰ੍ਹਾਂ ਦੇ ਟੈਕਸ ਲਗਾ ਕੇ ਵਿੱਤੀ ਭਾਰ ਪਾਇਆ ਜਾ ਚੁੱਕਾ ਹੈ ਅਤੇ ਹੁਣ ਪਾਣੀ ਦੀਆਂ ਦਰਾਂ ਵਿੱਚ ਕੀਤੇ ਗਏ ਤਿੰਨ ਗੁਣਾ ਵਾਧੇ ਨੂੰ ਸ਼ਹਿਰ ਵਾਸੀ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਕਾਰਨ ਆਰਥਿਕ ਮੰਦੀ ਦਾ ਦੌਰ ਹੈ ਅਤੇ ਅਤੇ ਕਈਂ ਲੋਕਾਂ ਦੇ ਰੁਜ਼ਗਾਰ ਵੀ ਖੁਸ ਗਏ ਹਨ। ਅਜਿਹੇ ਸਮੇਂ ਵਿੱਚ ਚੰਡੀਗੜ੍ਹ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦੀ ਜੇਬ ਕੱਟਣ ਦੀ ਤਿਆਰੀ ਕਰ ਰਿਹਾ ਹੈ।
ਕਾਂਗਰਸ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ: ਬਬਲਾ
ਕਾਂਗਰਸੀ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਪਾਣੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਪਾਣੀ ਦੀਆਂ ਦਰਾਂ ਵਿੱਚ ਵਾਧੇ ਨੂੰ ਲੈਕੇ ਨਗਰ ਨਿਗਮ ਵਿੱਚ ਹਾਕਮ ਧਿਰ ਭਾਜਪਾ ਨੇ ‘ਯੂ-ਟਰਨ’ ਲੈਂਦੇ ਹੋਏ ਇਸ ਮੁੱਦੇ ਨੂੰ ਮੁੜ ਵਿਚਾਰਨ ਲਈ 20 ਅਕਤੂਬਰ ਨੂੰ ਹੋਣ ਵਾਲੀ ਨਿਗਮ ਹਾਊਸ ਦੀ ਮੀਟਿੰਗ ਵਿੱਚ ਪ੍ਰਸਤਾਵ ਪੇਸ਼ ਕਰਨ ਦਾ ਫੈਸਲਾ ਕੀਤਾ ਸੀ। ਇਸੇ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਨਿਗਮ ਦੀ ਜਲ ਸਪਲਾਈ ਅਤੇ ਸੀਵਰੇਜ ਕਮੇਟੀ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ।