ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 3 ਜੁਲਾਈ
ਰਾਜਸਥਾਨ ਦੇ ਉਦੈਪੁਰ ਵਿੱਚ ਦਰਜੀ ਕਨ੍ਹਈਆ ਲਾਲ ਦੇ ਕਤਲ ਖ਼ਿਲਾਫ਼ ਇੱਕ ਹਿੰਦੂ ਜਥੇਬੰਦੀ ਦੇ ਕਾਰਕੁਨਾਂ ਨੇ ਜ਼ੀਰਕਪੁਰ ਵਿੱਚ ਰੋਸ ਮਾਰਚ ਕੱਢਿਆ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਬਲਟਾਣਾ ਖੇਤਰ ਵਿੱਚ ਕੱਢਿਆ ਗਿਆ ਇਹ ਮਾਰਚ ਰਵਿੰਦਰਾ ਐਨਕਲੇਵ ਤੋਂ ਸ਼ੁਰੂ ਹੋ ਕੇ ਟ੍ਰਿਬਿਊਨ ਕਲੋਨੀ, ਫਰਨੀਚਰ ਮਾਰਕੀਟ, ਬਲਟਾਣਾ ਤੋਂ ਹੁੰਦਾ ਹੋਇਆ ਪੀਰ ਬਾਬਾ ਰੋਡ ਵਿੱਚ ਸਮਾਪਤ ਹੋਇਆ। ਇਸ ਦੌਰਾਨ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਬੁਲਾਰਿਆਂ ਨੇ ਕਿਹਾ ਕਿ ਕਨ੍ਹੱਈਆ ਕਤਲ ਕਾਂਡ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲਾ ਕਾਰਾ ਹੈ। ਅਜਿਹੀ ਘਟਨਾਵਾਂ ਦਾ ਵਧਣਾ ਘਾਤਕ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਅਜਿਹੀ ਦਰਿੰਦਗੀ ਦੀ ਦਿਲ ਦਹਿਲਾ ਦੇਣ ਵਾਲੀ ਘਟਨਾਵਾਂ ਪਹਿਲਾਂ ਤਾਲਿਬਾਨ ਵਿੱਚ ਸੁਣਿਆ ਕਰਦੇ ਸੀ ਪਰ ਹੁਣ ਇਹ ਭਾਰਤ ਵਿੱਚ ਹੋਣ ਲੱਗ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਾਰੀ ਘਟਨਾਵਾਂ ਗੁਆਂਢੀ ਦੇਸ਼ ਪਾਕਿਸਤਾਨ ਦੇ ਇਸ਼ਾਰੇ ’ਤੇ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਫੰਡਿੰਗ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।