ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜਨਵਰੀ
ਚੰਡੀਗੜ੍ਹ ਪੁਲੀਸ ਨੇ ਹਰਿਆਣਾ ਦੇ ਦੇਸੀ ਪੱਤਰਕਾਰ ਵਜੋਂ ਮਸ਼ਹੂਰ ਕਰਮਵੀਰ (ਕਰਮੂ) ਵਾਸੀ ਕੈਥਲ ਅਤੇ ਡਾ. ਦਵਿੰਦਰ ਬਲਹਾਰਾ ਵਾਸੀ ਕਰਨਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਥਾਣਾ ਸੈਕਟਰ-39 ਦੇ ਬਾਹਰ ਰੋਸ ਪ੍ਰਦਰਸ਼ਨ ਲਈ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੱਤਰਕਾਰ ਕਰਮੂ ਅਤੇ ਡਾ. ਬਲਹਾਰਾ ਨੇ ਚੰਡੀਗੜ੍ਹ ਪੁਲੀਸ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਜਾਣ-ਬੁੱਝ ਕੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗੀ ਹੋਈ ਹੈ। ਇਸ ਦੇ ਵਿਰੋਧ ਵਿੱਚ ਥਾਣੇ ਦੇ ਬਾਹਰ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਵੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।