ਕੁਲਦੀਪ ਸਿੰਘ
ਚੰਡੀਗੜ੍ਹ, 25 ਅਪਰੈਲ
ਤਿਲੰਗਾਨਾ ਵਿੱਚ ਸਰਕਾਰ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਕੁਝ ਵਿਦਿਆਰਥੀ ਜਥੇਬੰਦੀਆਂ ਸਮੇਤ 16 ਵੱਖ-ਵੱਖ ਲੋਕਤੰਤਰੀ ਸੰਗਠਨਾਂ ਉਤੇ ਪਾਬੰਦੀ ਲਗਾਉਣ ਖ਼ਿਲਾਫ਼ ਅੱਜ ਸੈਕਟਰ 17-ਪਲਾਜ਼ਾ ਵਿੱਚ ਚੰਡੀਗੜ੍ਹ ਦੇ ਕਈ ਜਥੇਬੰਦੀਆ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿੱਚ ਵਿਦਿਆਰਥੀ ਜਥੇਬੰਦੀਆਂ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ (ਏ.ਐਸ.ਏ.), ਕੇਂਦਰੀ ਲੇਖਕ ਸਭਾ, ਲਾਇਰਸ ਫ਼ਾਰ ਹਿਊਮੈਨਿਟੀ, ਨੌਜਵਾਨ ਏਕਤਾ ਮੰਚ, ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ, ਪੀ.ਐਚ.ਆਰ.ਓ., ਸੱਥ ਅਤੇ ਐਸ.ਐਫ.ਐਸ. ਵੱਲੋਂ ਵੱਖ-ਵੱਖ ਨੁਮਾਇੰਦਿਆਂ ਨੇ ਪਹੁੰਚ ਕੇ ਤੇਲੰਗਾਨਾ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਐਡਵੋਕੇਟ ਆਰ.ਐਸ. ਬੈਂਸ, ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਤੋਂ ਸੰਦੀਪ, ਗਗਨ, ਪੀ.ਐਸ.ਯੂ. ਲਲਕਾਰ ਤੋਂ ਅਮਨ, ਏ.ਐਸ.ਏ. ਤੋਂ ਜਗਵਿੰਦਰ ਸਿੰਘ, ਨੌਜਵਾਨ ਏਕਤਾ ਮੰਚ ਤੋਂ ਸਤਨਾਮ ਸਿੰਘ ਟਾਂਡਾ, ਕਿਸਾਨ ਨੌਜਵਾਨ ਏਕਤਾ ਤੋਂ ਕ੍ਰਿਪਾਲ ਸਿੰਘ ਆਦਿ ਨੇ ਕਿਹਾ ਕਿ ਤਿਲੰਗਾਨਾ ਸਰਕਾਰ ਆਪਣੇ ਹੱਕਾਂ ਲਈ ਲੜਦੇ ਲੋਕਾਂ ਦੀ ਅਵਾਜ਼ ਬੰਦ ਕਰਨ ਲਈ ਇਨ੍ਹਾਂ ਸੰਗਠਨਾਂ ਉਤੇ ਪਾਬੰਦੀਆਂ ਲਗਾ ਰਹੀ ਹੈ। ਇਨ੍ਹਾਂ ਜਥੇਬੰਦੀਆਂ ਉਤੇ ਪਾਬੰਦੀ ਇਸ ਲਈ ਲਗਾਈ ਗਈ ਕਿਉਂਕਿ ਇਹ ਜਥੇਬੰਦੀਆਂ ਸੀ.ਏ.ਏ.-ਐਨ.ਆਰ.ਸੀ., ਖੇਤੀ ਕਾਨੂੰਨਾਂ, ਯੂ.ਏ.ਪੀ.ਏ. ਅਤੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਵਿਰੁੱਧ ਅਵਾਜ਼ ਬੁਲੰਦ ਕਰ ਰਹੀਆਂ ਸਨ ਅਤੇ ਸਰਕਾਰੀ ਲੁੱਟ ਦੇ ਰਾਹ ਵਿੱਚ ਰੋੜਾ ਬਣ ਰਹੇ ਸਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਸੰਗਠਨਾਂ ਦੇ ਕਾਰਕੁਨਾਂ, ਅਧਿਆਪਕਾਂ, ਵਕੀਲਾਂ, ਕਵੀਆਂ, ਲੇਖਕਾਂ, ਪੱਤਰਕਾਰਾਂ ਆਦਿ ਨੂੰ ਮਾਓਵਾਦੀ ਕਹਿ ਕੇ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸ ਝੂਠੇ ਵਰਤਾਰੇ ਤਹਿਤ ਸਰਕਾਰ ਵੱਲੋਂ ਲੋਕਤੰਤਰੀ ਅਤੇ ਅਗਾਂਹਵਧੂ ਅਵਾਜ਼ਾਂ ਨੂੰ ਦੇਸ਼-ਵਿਰੋਧੀ, ਮਾਓਵਾਦੀ ਜਾਂ ਨਕਸਲੀਆਂ ਅਤੇ ਵੱਖਵਾਦੀ ਆਦਿ ਵਰਗੇ ਸ਼ਬਦ ਦੇਣਾ ਇੱਕ ਰਾਜਨੀਤਕ ਪ੍ਰਸੰਗ ਬਣ ਗਿਆ ਹੈ। ਜੀ.ਐਨ. ਸਾਈਬਾਬਾ, ਗੌਤਮ ਨਵਲੱਖਾ, ਅਨੰਦ ਤੇਲਤੁੰਬੜੇ, ਸੁਧਾ ਭਾਰਦਵਾਜ, ਹੇਮ ਮਿਸ਼ਰਾ, ਸੋਮਾ ਸੇਨ, ਉਮਰ ਖਾਲਿਦ, ਜੱਗੀ ਜੌਹਲ ਵਰਗੇ ਲੋਕ ਵੀ ਅਜਿਹੇ ਹੀ ਝੂਠੇ ਵਰਤਾਰੇ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਹਨ।
ਐਡਵੋਕੇਟ ਆਰ.ਐਸ. ਬੈਂਸ ਨੇ ਕਿਹਾ ਕਿ ਭਾਜਪਾ-ਆਰ.ਐਸ.ਐਸ. ਵੱਲੋਂ ਦੇਸ਼ ਦੇ ਲੋਕਾਂ ਨੂੰ ਧਾਰਮਿਕ ਲੀਹਾਂ ’ਤੇ ਵੰਡਿਆ ਜਾ ਰਿਹਾ ਹੈ ਤਾਂ ਜੋ ਮਿਹਨਤਕਸ਼ ਲੋਕਾਂ ਉਤੇ ਜ਼ੁਲਮ ਅਤੇ ਸ਼ੋਸ਼ਣ ਨੂੰ ਤੇਜ਼ ਕੀਤਾ ਜਾ ਸਕੇ। ਬੁਲਾਰਿਆਂ ਨੇ ਹੋਰਨਾਂ ਵੀ ਅਗਾਂਹਵਧੂ, ਜਮਹੂਰੀ, ਇਨਕਲਾਬੀ ਸੰਸਥਾਵਾਂ ਅਤੇ ਸਿਵਲ ਸੋਸਾਇਟੀ ਨੂੰ ਅਪੀਲ ਕੀਤੀ ਕਿ ਉਹ ਤੇਲੰਗਾਨਾ ਸਰਕਾਰ ਵੱਲੋਂ ਲੋਕਤੰਤਰੀ ਸੰਗਠਨਾਂ ਉਤੇ ਲਗਾਈਆਂ ਪਾਬੰਦੀਆਂ ਦਾ ਵਿਰੋਧ ਕਰਨ ਲਈ ਅੱਗੇ ਆਉਣ।