ਮਿਹਰ ਸਿੰਘ
ਕੁਰਾਲੀ, 5 ਅਪਰੈਲ
ਸਥਾਨਕ ਰੂਪਨਗਰ ਰੋਡ ’ਤੇ ਪੰਜਾਬ ਨੈਸ਼ਨਲ ਬੈਂਕ ਬਰਾਂਚ ਦੇ ਬਾਹਰ ਅੱਜ ਖਪਤਕਾਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਬੈਂਕ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਬੈਂਕ ਵਿੱਚ ਐੱਫਡੀ ਕਰਵਾਉਣ ਆਏ ਲੋਕਾਂ ਨੂੰ ਭੁਲੇਖੇ ਵਿੱਚ ਰੱਖ ਕੇ ਐੱਫਡੀ ਦੀ ਥਾਂ ਬੀਮਾ ਕਰਨ ਦਾ ਕਥਿਤ ਦੋਸ਼ ਲਗਾਉਂਦਿਆਂ ਜਾਂਚ ਅਤੇ ਕਾਰਵਾਈ ਦੇ ਨਾਲ ਪੈਸੇ ਵਾਪਸ ਕੀਤੇ ਜਾਣ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦਿਆਂ ਖਪਤਕਾਰਾਂ ਜਸਵਿੰਦਰ ਸਿੰਘ, ਇਕਬਾਲ ਕੌਰ, ਹਰਜੀਤ ਕੌਰ, ਪਰਸ਼ੋਤਮ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਕ੍ਰਿਸ਼ਨਾ ਦੇਵੀ, ਮੂਰਤੀ ਦੇਵੀ ਅਤੇ ਹੋਰਾਂ ਨੇ ਦੱਸਿਆ ਕਿ ਬੈਂਕ ਦੇ ਅੰਦਰ, ਬੀਮਾ ਕੰਪਨੀ ਦੇ ਕੁਝ ਕਰਮਚਾਰੀ ਇੱਕ ਪਾਸੇ ਬੈਠਦੇ ਹਨ, ਜੋ ਖ਼ੁਦ ਨੂੰ ਬੈਂਕ ਕਰਮਚਾਰੀ ਵਜੋਂ ਹੀ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਬੈਂਕ ਵਿੱਚ ਆਪਣੇ ਪੈਸੇ ਐੱਫਡੀ ਦੇ ਰੂਪ ਵਿੱਚ ਜਮ੍ਹਾਂ ਕਰਵਾਉਣ ਆਉਂਦੇ ਸਨ ਤਾਂ ਉਕਤ ਕਰਮਚਾਰੀ ਹਰ ਵਾਰ ਐੱਫਡੀ ਦੀ ਥਾਂ ਉਨ੍ਹਾਂ ਦੀ ਲੱਖਾਂ ਦੀ ਰਕਮ ਸ਼ੇਅਰ ਮਾਰਕੀਟ ਨਾਲ ਜੁੜੀ ਬੀਮਾ ਸਕੀਮ ਵਿੱਚ ਲਗਾਉਂਦੇ ਰਹੇ। ਪੀੜਤ ਖ਼ਪਤਕਾਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੁਝ ਨੂੰ ਪੈਸਿਆਂ ਦੀ ਲੋੜ ਪਈ ਤਾਂ ਇਸ ਬਾਰੇ ਪਤਾ ਲੱਗਿਆ ਕਿ ਐੱਫਡੀ ਦੇ ਨਾਂ ’ਤੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸਹਿਮਤੀ ਤੋਂ ਉਨ੍ਹਾਂ ਦੇ ਖਾਤਿਆਂ ਵਿਚੋਂ ਲੱਖਾਂ ਰੁਪਏ ਧੋਖੇ ਨਾਲ ਬੀਮਾ ਪਾਲਿਸੀ ਲਈ ਟਰਾਂਸਫਰ ਵੀ ਕੀਤੇ ਗਏ। ਪੀੜਤਾਂ ਨੇ ਮਾਮਲੇ ਦੀ ਜਾਂਚ ਅਤੇ ਬੈਂਕ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਬੈਂਕ ਮੈਨੇਜਰ ਵੱਲੋਂ ਪੈਸੇ ਵਾਪਸ ਕਰਵਾਉਣ ਦਾ ਭਰੋਸਾ
ਪੀਐੱਨਬੀ ਬੈਂਕ ਦੇ ਮੈਨੇਜਰ ਨਰੇਸ਼ ਚੰਦ ਭੱਟੀ ਨੇ ਕਿਹਾ ਕਿ ਲੋਕਾਂ ਦੇ ਬੀਮੇ ਕਰਨ ਵਾਲਿਆਂ ਨਾਲ ਬੈਂਕ ਜਾਂ ਸ਼ਾਖਾ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੇ ਪੈਸੇ ਵਾਪਸ ਕਰਵਾ ਦਿੱਤੇ ਜਾਣਗੇ। ਦੁਜੇ ਪਾਸੇ ਲਾਈਫ ਇੰਸ਼ੋਰੈਂਸ ਕੰਪਨੀ ਦੇ ਰਵਿੰਦਰ ਠਾਕੁਰ ਨੇ ਕਿਹਾ ਕਿ ਸਾਰੇ ਲੋਕਾਂ ਦੀਆਂ ਵੱਖੋ-ਵੱਖਰੀਆਂ ਪਾਲਿਸੀਆਂ ਹਨ ਜੋ ਉਨ੍ਹਾਂ ਨੂੰ ਦੱਸ ਕੇ ਕੀਤੀਆਂ ਗਈਆਂ ਸਨ। ਉਨ੍ਹਾਂ ਜਾਂਚ ਉਪਰੰਤ ਪੈਸੇ ਵਾਪਸ ਕਰਨ ਦਾ ਭਰੋਸਾ ਵੀ ਦਿੱਤਾ।