ਡਾ ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 6 ਦਸੰਬਰ
ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਲਾਲ ਬੱਤੀ ਚੌਕ ਵਿਚ ਮੋਦੀ ਸਰਕਾਰ ਵੱਲੋਂ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫ਼ੂਕ ਕੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਪ੍ਰਗਟ ਕਰਦੇ ਹੋਏ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ ਅਤੇ ਹੋਰ ਕਿਸਾਨ ਆਗੂਆਂ ਨੇ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਖਿਲਾਫ਼ ਬਣਾਏ ਕਾਲੇ ਕਾਨੂੰਨ ਵਾਪਸ ਲਵੇਂ ਕਿਉਂਕਿ ਕਿਸਾਨ ਤਾਂ ਪਹਿਲਾ ਹੀ ਕਰਜਾਈ ਹੈ ਅਤੇ ਕਰਜੇ ਤੋਂ ਦੁਖੀ ਹੋ ਕੇ ਹੀ ਖੁਦਕਸ਼ੀਆਂ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਕਾਨੂੰਨ ਵਾਪਸ ਨਾ ਲਏ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਬਨੂੜ (ਕਰਮਜੀਤ ਸਿੰਘ ਚਿੱਲਾ): ਆਰਐੱਮਪੀ ਡਾਕਟਰ ਵੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੇ ਦਰਜਨਾਂ ਡਾਕਟਰਾਂ ਨੇ ਅਜ਼ੀਜ਼ਪੁਰ ਦੇ ਟੌਲ ਪਲਾਜ਼ਾ ’ਤੇ ਚੱਲ ਰਹੇ ਕਿਸਾਨ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਇਸ ਮੌਕੇ ਡਾ. ਬਲਬੀਰ ਸਿੰਘ, ਡਾ. ਬਲਜਿੰਦਰ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ, ਡਾ. ਮਹੇਸ਼ ਕੁਮਾਰ ਨੇ ਕੇਂਦਰ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਪਿੰਡਾਂ ਵਿੱਚ ਪ੍ਰੈਕਟਿਸ ਕਰਨ ਵਾਲੇ ਸਮੁੱਚੇ ਡਾਕਟਰ ਦਿੱਲੀ ਧਰਨੇ ਵਿੱਚ ਗਏ ਕਿਸਾਨ ਪਰਿਵਾਰਾਂ ਨੂੰ ਮੁਫ਼ਤ ਵਿੱਚ ਡਾਕਟਰੀ ਸਹੂਲਤ ਮੁਹੱਈਆ ਕਰਾਉਣਗੇ।
ਚਮਕੌਰ ਸਾਹਿਬ (ਸੰਜੀਵ ਕੁਮਾਰ ਬੱਬੀ): ਇਥੋਂ ਦੇ ਐੱਸ.ਐੱਸ. ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਦੀਆਂ ਸਿੱਖਿਆਰਥਣਾਂ ਅਤੇ ਪ੍ਰਬੰਧਕਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਟੀ-ਪੁਆਇੰਟ ’ਤੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਸੁਸਾਇਟੀ ਦੇ ਚੇਅਰਮੈਨ ਪ੍ਰੋ. ਆਰ.ਸੀ. ਢੰਡ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟਰ ਘਰਾਣਿਆਂ ਨੂੰ ਖੁਸ਼ ਕਰਨ ਲਈ ਅਜਿਹਾ ਸਭ ਕੁਝ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰੇਕ ਵਰਗ ਕਿਸਾਨਾਂ ਨਾਲ ਚਟਾਨ ਵਾਂਗ ਖੜ੍ਹਾ ਹੈ ਅਤੇ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਅੰਦੋਲਨ ਜਾਰੀ ਰਹਿਣਗੇ।
ਰੂਪਨਗਰ (ਬਹਾਦਰਜੀਤ ਸਿੰਘ): ਸਾਂਝਾ ਕਿਸਾਨ ਮੋਰਚਾ ਭਾਰਤ ਦੇ ਸੱਦੇ ’ਤੇ 8 ਦਸੰਬਰ ਭਾਰਤ ਬੰਦ ਦੇ ਸੱਦੇ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਸਫਲ ਬਣਾਉਣ ਲਈ ਜ਼ਿਲ੍ਹੇ ਦੀਆਂ ਕਿਸਾਨ ਯੂਨੀਅਨਾਂ, ਮਜ਼ਦੂਰਾਂ ਦੀਆਂ ਟਰੇਡ ਯੂਨੀਅਨਾਂ ਅਤੇ ਆੜ੍ਹਤੀ ਯੂਨੀਅਨ ਦੀ ਸਾਂਝੀ ਮੀਟਿੰਗ ਸੋਲਖੀਆਂ ਟੌਲ ਪਲਾਜ਼ਾ ‘ਤੇ ਗੁਰਮੇਲ ਸਿੰਘ ਬਾੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਸਿੰਘਭਗਵੰਤਪੁਰਾ ਦੇ ਟੀ-ਪੁਆਇੰਟ ’ਤੇ 8 ਦਸੰਬਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ। ਆਗੂਆਂ ਨੇ ਸਮੂਹ ਜਿਲ੍ਹਾ ਵਾਸੀਆਂ ਖਾਸ ਤੋਰ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸਾਂਝਾ ਕਿਸਾਨ ਮੋਰਚਾ ਭਾਰਤ ਦੇਂ 8 ਦਸੰਬਰ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦੇ ਹੋਏ ਆਪਣੇ ਕਾਰੋਬਾਰ ਬੰਦ ਕਰਕੇ ਕਿਸਾਨ ਜੱਥੇਬੰਦੀਆਂ ਨਾਲ ਇੱਕਮੁੱਠਤਾ ਪ੍ਰਗਟਾਉਣ ਲਈ 8 ਦਸੰਬਰ ਨੁੰ ਸਵੇਰੇ 10 ਵਜੇ ਸਿੰਘ ਭਗਵੰਤਪੁਰਾ ਟੀ ਪੁਆਇੰਟ ਤੇ ਕਿਸਾਨਾਂ ਦੇ ਚੱਕਾ ਜਾਮ ਵਿੱਚ ਆਪਣਾ ਯੋਗਦਾਨ ਪਾਉਣ।
ਖਮਾਣੋਂ (ਜਗਜੀਤ ਕੌਰ): ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ਉੱਤੇ ਕਿਸਾਨ ਬਚਾਓ ਪੰਜਾਬ ਬਚਾਓ ਕਿਸਾਨ ਅੰਦੋਲਨ ਦਿੱਲੀ ਜਾਣ ਲਈ 7, 8 ਅਤੇ 9 ਦਸੰਬਰ ਨੂੰ ਦਾਣਾ ਮੰਡੀਆਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 7 ਦਸੰਬਰ ਨੂੰ ਜ਼ਿਲ੍ਹਾ ਮੋਗਾ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਦੇ ਆੜ੍ਹਤੀਆਂ ਦਾ ਪਹਿਲਾ ਕਾਫ਼ਲਾ ਬੱਸਾਂ ਰਾਹੀਂ ਰਵਾਨਾ ਹੋਵੇਗਾ ਅਤੇ ਇਸ ਕਾਫ਼ਲੇ ਵਿੱਚ ਖਮਾਣੋਂ ਤੋਂ ਦੋ ਬੱਸਾਂ ਵਿਚ ਆੜ੍ਹਤੀ ਅਤੇ ਮਨੀਮ ਰਵਾਨਾ ਹੋਣਗੇ। ਸੁਰਿੰਦਰ ਸਿੰਘ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ ਨੇ ਕਿਹਾ ਕਿ ਸਮੂਹ ਆੜ੍ਹਤੀ ਹਰ ਪੱਖ ਤੋਂ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕਰਨਗੇ।
ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਾਂਗਰਸ ਓਬੀਸੀ ਸੈੱਲ ਦੇ ਚੇਅਰਮੈਨ ਆਨੰਦ ਪਨੇਸਰ ਨੇ ਕਿਸਾਨਾਂ ਨੂੰ ਬੀਸੀ ਸੈੱਲ ਵੱਲੋਂ ਪੂਰਨ ਸਮਰਥਨ ਦਾ ਐਲਾਨ ਕੀਤਾ। ਸ੍ਰੀ ਪਨੇਸਰ ਨੇ ਦੱਸਿਆ ਕਿ ਹਲਕਾ ਵਿਧਾਇਕ ਰਣਦੀਪ ਸਿੰਘ ਤੋਂ ਮਿਲੇ ਮਾਰਗ ਦਰਸ਼ਨ ਮਗਰੋਂ ਓਬੀਸੀ ਸੈੱਲ ਕਿਸਾਨਾਂ ਦੇ ਹੱਕ ਵਿਚ ਉਤਰਿਆ ਹੈ ਅਤੇ ਵਿਧਾਇਕ ਰਣਦੀਪ ਸਿੰਘ ਖ਼ੁਦ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਨੂੰ ਖਾਣ-ਪੀਣ, ਗਰਮ ਕੰਬਲ, ਪੀਣ ਲਈ ਪਾਣੀ ਮੁਹੱਈਆ ਕਰਵਾਉਣ ਲਈ ਰਵਾਨਾ ਹੋਏ ਹਨ।
ਬਨੂੜ (ਕਰਮਜੀਤ ਸਿੰਘ ਚਿੱਲਾ): ਇਲਾਕੇ ਦੇ ਕਿਸਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਅੱਜ ਪਿੰਡ ਮੋਟੇਮਾਜਰਾ ਵਿੱਚੋਂ ਧਾਰਮਿਕ ਪ੍ਰਚਾਰਕ ਭਾਈ ਨਿਰਮਲ ਸਿੰਘ ਦੀ ਅਗਵਾਈ ਹੇਠ ਦੋ ਟਰਾਲੀਆਂ ਦਿੱਲੀ ਲਈ ਰਵਾਨਾ ਹੋਈਆਂ। ਇਸੇ ਤਰਾਂ ਪਿੰਡ ਢੇਲਪੁਰ ਵਿੱਚੋਂ ਗੁਰਦੁਆਰੇ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਅਤੇ ਪੰਚਾਇਤ ਦੀ ਅਗਵਾਈ ਹੇਠ ਟਰਾਲੀ ਦਿੱਲੀ ਲਈ ਰਵਾਨਾ ਹੋਈ। ਪਿੰਡ ਪੱਤੋਂ ਵਿੱਚੋਂ ਸਰਪੰਚ ਲਖਮੀਰ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਦਾ ਜਥਾ ਦਿੱਲੀ ਗਿਆ ਤੇ ਪਿੰਡ ਦੈੜੀ ਵਿੱਚੋਂ ਚਾਰ ਟਰੈਕਟਰ ਟਰਾਲੀਆਂ ਦਿੱਲੀ ਧਰਨੇ ਦੇ ਕਿਸਾਨਾਂ ਲਈ ਰਸਦ ਲੈਕੇ ਤੁਰੀਆਂ। ਪਿੰਡ ਸਨੇਟਾ ਤੋਂ ਨੌਜਵਾਨਾਂ ਦੀ ਟਰਾਲੀ ਚੌਧਰੀ ਵਿਨੋਦ ਕੁਮਾਰ ਦੀ ਅਗਵਾਈ ਹੇਠ ਰਵਾਨਾ ਹੋਈ।
ਪਿੰਡ ਕਲਵਾਂ ’ਤੋਂ ਨੌਜਵਾਨਾਂ ਦਾ ਜਥਾ ਦਿੱਲੀ ਪੁੱਜਿਆ
ਨੂਰਪੁਰ ਬੇਦੀ (ਬਲਵਿੰਦਰ ਰੈਤ): ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹਾ ਰੂਪਨਗਰ ਦੇ ਪਿੰਡ ਕਲਵਾਂ ਦੇ ਨੌਜਵਾਨਾਂ ਦਾ ਜਥਾ ਅੱਜ ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਰਵਾਨਾ ਹੋਇਆ। ਇਨ੍ਹਾਂ ਨੌਜਵਾਨਾਂ ਨੇ ਮੋਦੀ ਸਰਕਾਰ ਦੀ ਖੇਤੀ ਕਨੂੰਨ ਦੇ ਆਰਡੀਨੈਂਸ ਨੂੰ ਜਾਰੀ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਕਿਸਾਨ ਅੰਦੋਲਨ ਜਾਰੀ ਰਹੇਗਾ। ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕੀ ਉਹ 8 ਦਸੰਬਰ ਨੂੰ ਭਾਰਤ ਬੰਦ ਲਈ ਸਹਿਯੋਗ ਦੇਣ।
‘ਆਪ’ ਭਾਰਤ ਬੰਦ ਵਿੱਚ ਹਿੱਸਾ ਲਵੇਗੀ
ਪੰਚਕੂਲਾ (ਪੀਪੀ ਵਰਮਾ): ‘ਆਪ’ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਗੁਪਤਾ ਨੇ ਕਿਹਾ ਹੈ ਕਿ 8 ਦਸੰਬਰ ਨੂੰ ਭਾਰਤ ਬੰਦ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗੀ ਅਤੇ ਨਿਗਮ ਚੋਣਾਂ ਵਿੱਚ ਆਪਣੇ ਚੋਣ ਚਿੰਨ੍ਹ ਝਾੜੂ ਤੇ ਚੋਣ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਦੇਸ ਭਰ ਦੇ ਕਿਸਾਨਾਂ ਲਈ ਦਿੱਲੀ ਵਿੱਚ ਮੋਦੀ ਸਰਕਾਰ ਵੱਲੋਂ ਛੇ ਸਟੇਡੀਅਮਾਂ ਨੂੰ ਜੇਲ੍ਹ ਵਿੱਚ ਤਬਦੀਲ ਕਰਨ ਦੇ ਹੁਕਮ ਆਏ ਸਨ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਦੇਸ ਦਾ ਕਿਸਾਨ ਆਮ ਆਦਮੀ ਪਾਰਟੀ ਨਾਲ ਖੜ੍ਹਾ ਹੈ।
ਧਰਨਾਕਾਰੀਆਂ ਲਈ ਫਲਾਂ ਦਾ ਜੂਸ ਭੇਜਿਆ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਦਿੱਲੀ ’ਚ ਸੰਘਰਸ਼ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਪਿੰਡ ਮੁੱਲਾਂਪੁਰ ਗਰੀਬਦਾਸ ਵਿਚ ਜੂਸ ਬਾਰ ਦੀ ਦਕਾਨ ਕਰਦੇ ਰੂਪਚੰਦ ਸਿਸੋਦੀਆ ਨੇ ਵੱਖ-ਵੱਖ ਫਲਾਂ ਦਾ ਜੂਸ ਬਣਾ ਕੇ ਭੇਜਿਆ ਹੈ। ਉਸ ਵੱਲੋਂ ਦਿੱਲੀ ਜਾ ਰਹੇ ਮੁੱਖ ਮਾਰਗ ’ਤੇ ਕਿਸਾਨਾਂ ਨੂੰ ਮੁਫਤ ਜੂਸ ਵੀ ਪਿਲਾਇਆ ਜਾ ਰਿਹਾ ਹੈ। ਰੂਪਚੰਦ ਸਿਸੋਦੀਆ ਲੌਕਡਾਊਨ ਦੇ ਸਮੇਂ ਤੋਂ ਹੁਣ ਤੱਕ ਪ੍ਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਜੂਸ ਪਿਲਾਉਦ ਦੀ ਸੇਵਾ ਵੀ ਕਰ ਰਿਹਾ ਹੈ।
ਚੰਡੀਗੜ੍ਹ ਤੋਂ ਲੰਗਰ ਲੈ ਕੇ ਦਿੱਲੀ ਪੁੱਜਿਆ ਜਥਾ
ਚੰਡੀਗੜ੍ਹ (ਕੁਲਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਵੀ ਆਪਣੇ ਸਾਥੀਆਂ ਸਮੇਤ ਦਿੱਲੀ ਧਰਨੇ ਵਿੱਚ ਪਹੁੰਚ ਕੇ ਤਿੰਨ ਖੇਤੀ-ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ਼ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਨੂੰ ਹਮਾਇਤ ਕੀਤੀ। ਜਥੇ ਵੱਲੋਂ ਪਿੰਡ ਬੁਟੇਰਲਾ, ਅਟਾਵਾ ਤੇ ਕ੍ਰਿਸ਼ਨਾ ਮਾਰਕੀਟ ਸੈਕਟਰ-41 ਦੇ ਦੁਕਾਨਦਾਰਾਂ ਸਹਿਯੋਗ ਨਾਲ ਦਿੱਲੀ ਕਿਸਾਨ ਮੋਰਚੇ ਲਈ ਲੰਗਰ ਵੀ ਲਿਜਾਇਆ ਗਿਆ। ਸ੍ਰੀ ਬੁਟੇਰਲਾ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਤੇ ਬਿਜਲੀ ਸੋਧ ਬਿੱਲ-2020 ਖ਼ਿਲਾਫ਼ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਉਨ੍ਹਾਂ ਸੰਘਰਸ਼ੀ ਕਿਸਾਨ ਯੋਧਿਆਂ ਨੂੰ ਡਟੇ ਰਹਿਣ ਲਈ ਹੱਲਾਸ਼ੇਰੀ ਵੀ ਦਿੱਤੀ।