ਹਰਜੀਤ ਸਿੰਘ
ਡੇਰਾਬੱਸੀ, 26 ਅਪਰੈਲ
ਇੱਥੋਂ ਦੀ ਅਕਾਲੀ ਮਾਰਕੀਟ ਵਿੱਚ ਅੱਜ ਵੱਡੀ ਗਿਣਤੀ ਲੋਕਾਂ ਨੇ ਨਵੇਂ ਖੁੱਲ੍ਹੇ ਹਸਪਤਾਲ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਮੁਜ਼ਹਰਾਕਾਰੀਆਂ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਪ੍ਰਬੰਧਕ ਗੈਰ-ਕਾਨੂੰਨੀ ਤੌਰ ’ਤੇ ਹਸਪਤਾਲ ਵਿੱਚ ਕਰੋਨਾ ਦੇ ਮਰੀਜ਼ ਰੱਖ ਰਹੇ ਹਨ ਜਿਸ ਕਾਰਨ ਇਸ ਖੇਤਰ ਵਿੱਚ ਬਿਮਾਰੀ ਫੈਲਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।
ਇਸ ਬਾਰੇ ਰੌਣੀ ਮੁਹੱਲੇ ਦੇ ਵਸਨੀਕ ਅਮਰਿੰਦਰ ਰਾਜੂ, ਰਾਮ ਧੀਮਾਨ, ਕਮਲ ਸ਼ਰਮਾ, ਰਵੀ ਧੀਮਾਨ, ਅਮਰਿੰਦਰ ਲਾਡੀ, ਦੀਪਕ ਕੁਮਾਰ, ਜਸਵੀਰ ਕਾਲਾ, ਸੁਨੂੰ ਖਾਨ, ਮੋਹਨੀਸ਼ ਖਾਨ, ਜਸਦੇਵ ਸਿੰਘ ਨੇ ਦੱਸਿਆ ਕਿ ਲੰਘੇ ਛੇ ਮਹੀਨੇ ਪਹਿਲਾਂ ਉਨ੍ਹਾਂ ਦੇ ਮੁਹੱਲੇ ਵਿੱਚ ਬਲੈਸਿੰਗਜ਼ ਹੋਮ ਕੇਅਰ ਪ੍ਰਾਈਵੇਟ ਲਿਮਿਟੇਡ ਦੇ ਨਾਂਅ ਹੇਠ ਹਸਪਤਾਲ ਖੁੱਲ੍ਹਿਆ ਹੈ। ਇੱਥੇ ਲੰਘੇ ਦਿਨਾਂ ਤੋਂ ਕਥਿਤ ਤੌਰ ’ਤੇ ਕਰੋਨਾ ਦੇ ਗੰਭੀਰ ਹਾਲਤ ਵਾਲੇ ਮਰੀਜ਼ ਰੱਖੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਮਰੀਜ਼ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਐਂਸੂਲੈਂਸਾਂ ਰਾਹੀਂ ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਅਤੇ ਹੋਰਨਾਂ ਪਾਸੇ ਤੋਂ ਗੰਭੀਰ ਹਾਲਤ ਵਿੱਚ ਇੱਥੇ ਲਿਆਏ ਜਾ ਰਹੇ ਹਨ। ਗੱਲ ਕਰਨ ’ਤੇ ਹਸਪਤਾਲ ਦੇ ਮਾਲਕ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਉਹ ਇੱਥੇ ਕਰੋਨਾ ਦੇ ਨਹੀਂ ਸਗੋਂ ਹੋਰਨਾਂ ਬਿਮਾਰੀਆਂ ਦੇ ਬਿਮਾਰ ਮਰੀਜ਼ਾਂ ਨੂੰ ਰੱਖ ਰਹੇ ਹਨ। ਰਿਹਾਇਸ਼ੀ ਖੇਤਰ ਵਿੱਚ ਹਸਪਤਾਲ ਚਲਾਉਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਾਰੀਆਂ ਮਨਜ਼ੂਰੀਆਂ ਹਨ ਜਿਸ ਦੀ ਕਦੇ ਵੀ ਆ ਕੇ ਜਾਂਚ ਕੀਤੀ ਜਾ ਸਕਦੀ ਹੈ। ਸਿਵਲ ਹਸਪਤਾਲ ਦੀ ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਕਿਹਾ ਕਿ ਛੇਤੀ ਇਸਦੀ ਜਾਂਚ ਕੀਤੀ ਜਾਵੇਗੀ, ਜੇਕਰ ਦੋਸ਼ਾਂ ਵਿੱਚ ਸੱਚਾਈ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਏਗੀ।