ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 5 ਨਵੰਬਰ
ਸਕੂਲ ਸਿੱਖਿਆ ਵਿਭਾਗ ਦੀਆਂ ਸੂਬਾ ਪੱਧਰੀ ਖੇਡ ਮੁਕਾਬਲਿਆਂ ਤਹਿਤ ਲੜਕੀਆਂ ਦੇ 17 ਸਾਲ ਵਰਗ ਦੇ ਹਾਕੀ ਅਤੇ ਲੜਕਿਆਂ ਦੇ 19 ਸਾਲ ਵਰਗ ਦੇ ਕ੍ਰਿਕਟ ਮੁਕਾਬਲੇ ਅੱਜ ਸ਼ੁਰੂ ਹੋਏ। ਖੇਡ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਸਥਾਨਕ ਸੈਕਟਰ-63 ਦੇ ਹਾਕੀ ਸਟੇਡੀਅਮ ਵਿੱਚ ਕੀਤਾ। ਹਾਕੀ ਦੇ ਉਦਘਾਟਨੀ ਮੈਚ ਵਿੱਚ ਬਠਿੰਡਾ ਦੀ ਟੀਮ ਦਾ ਮੁਕਾਬਲਾ ਫਿਰੋਜ਼ਪੁਰ ਨਾਲ ਹੋਇਆ। ਹਾਕੀ ਦੇ ਹੋਰਨਾਂ ਮੈਚਾਂ ਵਿੱਚ ਸੰਗਰੂਰ ਨੇ ਮਾਨਸਾ ਨੂੰ, ਪੀਆਈਐੱਸ ਬਾਦਲ ਨੇ ਰੂਪਨਗਰ ਨੂੰ, ਪਟਿਆਲਾ ਨੇ ਫ਼ਰੀਦਕੋਟ ਨੂੰ ਤੇ ਪੀਆਈਐੱਸ ਬਠਿੰਡਾ ਨੇ ਗੁਰਦਾਸਪੁਰ ਨੂੰ ਹਰਾਇਆ।
ਇਸੇ ਤਰ੍ਹਾਂ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਦੇ ਮੈਦਾਨ ਵਿੱਚ ਸ਼ੁਰੂ ਹੋਏ 19 ਸਾਲ ਵਰਗ ਦੇ ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦਾ ਉਦਘਾਟਨੀ ਮੈਚ ਮੋਗਾ ਅਤੇ ਹੁਸ਼ਿਆਰਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਮੋਗਾ ਦੀ ਟੀਮ ਨੇ ਜਿੱਤ ਦਰਜ ਕੀਤੀ। ਹੋਰਨਾਂ ਮੈਚਾਂ ਵਿੱਚ ਲੁਧਿਆਣਾ ਨੇ ਪਠਾਨਕੋਟ ਨੂੰ, ਫ਼ਰੀਦਕੋਟ ਨੇ ਫਾਜ਼ਿਲਕਾ ਨੂੰ ਅਤੇ ਬਠਿੰਡਾ ਨੇ ਫ਼ਿਰੋਜ਼ਪੁਰ ਨੂੰ ਹਰਾ ਕੇ ਅਗਲੇ ਗੇੜ ਵਿੱਚ ਆਪਣੀ ਥਾਂ ਪੱਕੀ ਕੀਤੀ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਅੱਜ ਸ਼ੁਰੂ ਹੋਏ ਕ੍ਰਿਕਟ ਦੇ ਸੂਬਾ ਪੱਧਰੀ ਮੁਕਾਬਲੇ ਵਿੱਚ 23 ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਕਾਬਲੇ ਚਾਰ ਦਿਨ ਚੱਲਣਗੇ।
ਇਸ ਮੌਕੇ ਮਨਪ੍ਰੀਤ ਸਿੰਘ ਰੂਬੀ, ਅਮਨਦੀਪ ਕੌਰ, ਸਤਵਿੰਦਰ ਕੌਰ, ਰਾਜਬੀਰ ਕੌਰ, ਲਕਸ਼ਮੀ ਰਾਣੀ, ਦੀਪਿਕਾ, ਕੁਲਦੀਪ ਕੌਰ, ਗੁਰਮੀਤ ਸਿੰਘ, ਜਗਦੀਪ ਸਿੰਘ, ਸੰਦੀਪ ਜਿੰਦਲ, ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ ਤੇ ਸੰਦੀਪ ਸਿੰਘ ਰਡਿਆਲਾ ਆਦਿ ਵੀ ਹਾਜ਼ਰ ਸਨ।