ਕੁਲਦੀਪ ਸਿੰਘ
ਚੰਡੀਗੜ੍ਹ, 6 ਦਸੰਬਰ
ਪੀਐੱਸਆਈਈਸੀ ਸਟਾਫ ਐਸੋਸੀਏਸ਼ਨ ਵੱਲੋਂ ਅੱਜ ਉਦਯੋਗ ਭਵਨ ਸੈਕਟਰ-17 ਚੰਡੀਗੜ੍ਹ ਵਿੱਚ ‘ਕਾਰਪੋਰੇਸ਼ਨ ਬਚਾਓ ਰੈਲੀ’ ਕੀਤੀ ਗਈ। ਇਸ ਵਿੱਚ ਸੂਬੇ ਭਰ ਤੋਂ ਬੋਰਡਾਂ ਅਤੇ ਕਾਰਪੋਰੇਸ਼ਨਾਂ ਸਣੇ ਭਰਾਤਰੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਕਾਰਨ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਅਤੇ ਫੀਲਡ ਦਫ਼ਤਰਾਂ ਦਾ ਕੰਮ ਲਗਪਗ ਬੰਦ ਰਿਹਾ। ਮੁਲਾਜ਼ਮ ਆਗੂਆਂ ਨੇ ਕਾਰਪੋਰੇਸ਼ਨ ਵਿੱਚ ਫੈਲੇ ਭ੍ਰਿਸ਼ਟਾਚਾਰ, ਦੁਰਪ੍ਰਬੰਧ ਤੇ ਭਾਈ-ਭਤੀਜਾਵਾਦ ਵਿਰੁੱਧ ਲੜਨ ਦਾ ਐਲਾਨ ਕੀਤਾ। ਰੈਲੀ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. ਨਵਰਾਜ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ।
ਮੁਲਾਜ਼ਮ ਆਗੂਆਂ ਨੇ ਸੰਬੋਧਨ ਕਰਦਿਆਂ ਨਿਗਮ ਦੇ ਕੰਮ ਕਾਜ ਵਿੱਚ ਵਾਧਾ ਕਰਨਾ, ਬੰਦ ਕੀਤੇ ਯੂਨਿਟ ਚਾਲੂ ਕਰਨਾ, ਤਿੰਨ ਸਾਲਾਂ ਤੋਂ ਪੈਂਡਿੰਗ ਪਈ ਸਿੱਧੀ ਭਰਤੀ ਦੀ ਫਾਈਲ ਕਲੀਅਰ ਕਰਨਾ, ਡੈਪੂਟੇਸ਼ਨ ’ਤੇ ਬਾਹਰੋਂ ਭਰਤੀ ਕੀਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਫਾਰਗ ਕਰਨਾ, ਘਟਾਏ ਹੋਏ ਭੱਤੇ ਬਹਾਲ ਕਰਨਾ, ਰਿਟਾਇਰਮੈਂਟ ਤੋਂ ਬਾਅਦ ਮੈਡੀਕਲ ਤੇ ਪੈਨਸ਼ਨ ਦੀ ਸਹੂਲਤ ਦੇਣ ਦੀ ਮੰਗ ਕੀਤੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਤਾਰਾ ਸਿੰਘ ਨੇ ਨਿਗਮ ਵਿੱਚ ਫੈਲੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਦੀ ਮੰਗ ਕੀਤੀ।
ਬੋਰਡ ਕਾਰਪੋਰੇਸ਼ਨ ਮਹਾਂਸੰਘ ਤੇ ਸੀਟੂ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਵਲ ਐਲਾਨਾਂ ਦੀ ਸਰਕਾਰ ਹੈ।
ਆਗੂਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਮਜ਼ਦੂਰ-ਮੁਲਾਜ਼ਮ ਵਿਰੋਧੀ ਵਤੀਰਾ ਬਦਲਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪੰਜਾਬ ਅਲਕਲੀਜ਼ ਅਤੇ ਕੈਮੀਕਲ ਲਿਮਟਡ ਦੇ ਨਿੱਜੀਕਰਨ ਵਿੱਚ ਹੋਈਆਂ ਗੜਬੜੀਆਂ ਵਿਰੁੱਧ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ।
ਅੰਤ ਵਿੱਚ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਦੀਪਾ ਰਾਮ ਨੇ ਰੈਲੀ ਵਿੱਚ ਸ਼ਾਮਿਲ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕਾਰਪੋਰੇਸ਼ਨ ਵਿੱਚ ਭ੍ਰਿਸ਼ਟ ਅਨਸਰਾਂ ਵਿਰੁੱਧ ਕਾਰਵਾਈ ਨਾ ਕੀਤੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਟਾਫ਼ ਐਸੋਸੀਏਸ਼ਨ ਸੰਘਰਸ਼ ਦੀ ਅਗਲੀ ਕੜੀ ਵਜੋਂ ਜਨਵਰੀ-2024 ਵਿੱਚ ਸਮੂਹਿਕ ਭੁੱਖ ਹੜਤਾਲ ਕਰਨਗੇ।