ਕੁਲਦੀਪ ਸਿੰਘ
ਚੰਡੀਗੜ੍ਹ, 8 ਨਵੰਬਰ
ਵਿਦਿਆਰਥੀ ਜਥੇਬੰਦੀਆਂ ਅਤੇ ਕੁਝ ਸੈਨੇਟਰਾਂ ਵੱਲੋਂ ਗਠਿਤ ਕੀਤੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਦਿੱਤੇ ਜਾ ਰਹੇ ਅਣਮਿਥੇ ਸਮੇਂ ਵਾਲੇ ਧਰਨੇ ਵਿੱਚ ਅੱਜ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਅਤੇ ਰਾਜਾ ਕੰਵਰਜੋਤ ਸਿੰਘ ਮੁਹਾਲੀ ਵੀ ਹਾਜ਼ਰ ਸਨ। ਸ੍ਰੀ ਤਿਵਾੜੀ ਨੇ ਕਿਹਾ ਕਿ ਉਹ ਇਸ ਮਸਲੇ ਸੰਸਦ ਵਿੱਚ ਚੁੱਕਣਗੇ।
ਸੈਨੇਟਰ ਡੀਪੀਐੱਸ ਰੰਧਾਵਾ, ਆਈਪੀਐੱਸ ਸਿੱਧੂ, ਰਵਿੰਦਰ ਸਿੰਘ ਬਿੱਲਾ ਧਾਲੀਵਾਲ, ਸ਼ਮਿੰਦਰ ਸੰਧੂ, ਸਾਬਕਾ ਸੈਨੇਟਰ ਡਾ. ਰਵਿੰਦਰ ਨਾਥ ਸ਼ਰਮਾ, ਪ੍ਰੋ. ਜਗਤਾਰ ਸਿੰਘ ਸਣੇ ਵਿਦਿਆਰਥੀ ਆਗੂਆਂ ਰਿਮਲਜੋਤ ਸਿੰਘ, ਅਸ਼ਮੀਤ ਸਿੰਘ ਆਦਿ ਨੇ ਮਨੀਸ਼ ਤਿਵਾੜੀ ਨੂੰ ਅਥਾਰਿਟੀ ਵੱਲੋਂ ਸੈਨੇਟ ਚੋਣਾਂ ਨਾ ਕਰਵਾਏ ਜਾਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਕੇਂਦਰ ਸਰਕਾਰ ਵੱਲੋਂ ਬੋਰਡ ਆਫ਼ ਗਵਰਨੈਂਸ ਲਾਗੂ ਕਰ ਕੇ ਕਬਜ਼ਾ ਕਰਨ ਦੀ ਤਿਆਰੀ ਹੈ।
ਸੰਘਰਸ਼ ਦੇ ਹੱਕ ’ਚ ਨਿੱਤਰੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਵੀ ਪੰਜਾਬ ’ਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਵਾਲੇ ਮਨਸੂਬਿਆਂ ਦਾ ਵਿਰੋਧ ਕੀਤਾ ਹੈ ਅਤੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਤੋਂ ਯੂਨੀਵਰਸਿਟੀ ਖੋਹਣ ਦੇ ਵਿਰੁੱਧ ਡਟ ਜਾਣ। ਅੱਜ ਵਾਈਸ ਚਾਂਸਲਰ ਦਫ਼ਤਰ ਅੱਗੇ ਮੋਰਚੇ ਦੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ), ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਡਾ. ਖੁਸ਼ਹਾਲ ਸਿੰਘ ਆਦਿ ਨੇ ਕਿਹਾ ਕਿ ਉਹ ਸਭਾ ਵੱਲੋਂ ‘ਯੂਨੀਵਰਸਿਟੀ ਬਚਾਓ ਮੋਰਚੇ’ ਦਾ ਸਮਰਥਨ ਕਰਦੇ ਹਨ ਕਿਉਂਕਿ ਸਨ 1882 ਈਸਵੀ ਵਿੱਚ ਲਾਹੌਰ ਵਿੱਚ ਬਣੀ ਇਹ ਯੂਨੀਵਰਸਿਟੀ ਪੰਜਾਬ ਦੀ ਹੀ ਵਿਰਾਸਤ ਹੈ।