ਪੱਤਰ ਪ੍ਰੇਰਕ
ਚੰਡੀਗੜ੍ਹ, 14 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿੱਚ 18 ਅਕਤੂਬਰ ਨੂੰ ਹੋਣ ਜਾ ਰਹੀਆਂ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਵਿਦਿਆਰਥੀ ਜਥੇਬੰਦੀਆਂ ਨੇ ਚੋਣ ਪ੍ਰਚਾਰ ਭਖਾਇਆ ਹੋਇਆ ਹੈ। ਪੀ.ਯੂ. ਕੈਂਪਸ ਵਿੱਚ ਭਾਵੇਂ ਚੰਡੀਗੜ੍ਹ ਪੁਲੀਸ ਅਤੇ ’ਵਰਸਿਟੀ ਦੀ ਸਕਿਓਰਿਟੀ ਵੱਲੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ। ਇਸ ਤਹਿਤ ਹਰ ਵਾਹਨ ਦੀ ਤਲਾਸ਼ੀ ਲੈ ਕੇ ਕੈਂਪਸ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ ਪ੍ਰੰਤੂ ਅੱਜ ਦੇਖਣ ਵਿੱਚ ਆਇਆ ਕਿ ਇੰਨੀ ਜ਼ਿਆਦਾ ਸੁਰੱਖਿਆ ਅਤੇ ਚੈਕਿੰਗ ਦੇ ਬਾਵਜੂਦ ਪੀ.ਯੂ. ਦੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਾਹਰੀ ਵਿਅਕਤੀ ਜਾਂ ਸਿਆਸੀ ਪਾਰਟੀਆਂ ਦੇ ਆਗੂ ਵਿਦਿਆਰਥੀ ਕੇਂਦਰ ਵਿੱਚ ਪਹੁੰਚੇ ਹੋਏ ਸਨ। ਵਿਦਿਆਰਥੀ ਕੇਂਦਰ ਵਿੱਚ ਜਿੱਥੇ ਵਿਦਿਆਰਥੀ ਜਥੇਬੰਦੀ ਪੂਸੂ ਵੱਲੋਂ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਦਿਆਥੀ ਵਿੰਗ ਸੀ.ਵਾਈ.ਐੱਸ.ਐੱਸ., ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਐੱਨ.ਐੱਸ.ਯੂ.ਆਈ., ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ. ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸ.ਓ.ਆਈ. ਵੱਲੋਂ ਆਪਣੇ ਸਮਰਥਕਾਂ ਸਮੇਤ ਵੱਖ-ਵੱਖ ਵਿਭਾਗਾਂ ਵਿੱਚ ਭਲਵਾਨੀ ਗੇੜੇ ਕੱਢੇ ਗਏ ਅਤੇ ਚੋਣ ਪ੍ਰਚਾਰ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀ ਜਥੇਬੰਦੀਆਂ ਪੀ.ਐੱਸ.ਯੂ. ਲਲਕਾਰ, ‘ਸੱਥ’, ਐਸ.ਐਫ.ਐਸ. ਆਦਿ ਨੇ ਵੀ ਵਿਭਾਗਾਂ ਵਿੱਚ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਵੋਟਾਂ ਦੀ ਮੰਗ ਕੀਤੀ। ਯੂਥ ਅਕਾਲੀ ਦਲ ਵੱਲੋਂ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਡਾਲੀ, ਮਾਲਵਾ ਜ਼ੋਨ-5 ਤੋਂ ਐੱਸ.ਓ.ਆਈ. ਪ੍ਰਧਾਨ ਕਰਨਵੀਰ ਸਿੰਘ ਕ੍ਰਾਂਤੀ ਵੀ ਵਿਦਿਆਰਥੀ ਕੇਂਦਰ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ ਪ੍ਰੰਤੂ ਗੁਰਪ੍ਰੀਤ ਸਿੰਘ ਵਡਾਲੀ ਆਪਣਾ ਪੰਜਾਬ ਯੂਨੀਵਰਸਿਟੀ ਵਿੱਚ ਕੋਈ ਵੀ ਵਿਭਾਗ ਦੱਸਣ ਤੋਂ ਅਸਮਰਥ ਰਹੇ।