ਕੁਲਦੀਪ ਸਿੰਘ
ਚੰਡੀਗੜ੍ਹ, 23 ਨਵੰਬਰ
ਪੰਜਾਬ ਯੂਨੀਵਰਸਿਟੀ ਵਿਚ ਕੈਰੀਅਰ ਐਡਵਾਂਸਮੈਂਟ ਸਕੀਮ (ਕੈਸ) ਤਹਿਤ ਇੰਟਰਵਿਊਜ਼ ਕਰਵਾਉਣ ਲਈ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਸ਼ੁਰੂ ਕੀਤੇ ਧਰਨੇ ਪ੍ਰਦਰਸ਼ਨ ਦੇ ਅੱਜ ਚੌਥੇ ਦਿਨ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਦੀ ਰਿਹਾਇਸ਼ ਦੇ ਮੁੱਖ ਗੇਟ ਉਤੇ ‘ਕੈਸ ਤਰੱਕੀਆਂ’ ਸਬੰਧੀ ਰੰਗੋਲੀ ਬਣਾ ਕੇ ਆਪਣੇ ਰੋਸ ਦਾ ਇਜ਼ਹਾਰ ਕੀਤਾ ਗਿਆ ਤਾਂ ਕਿ ਆਪਣੇ ਘਰ ਆਉਂਦੇ ਜਾਂਦੇ ਉਨ੍ਹਾਂ ਦਾ ਵਾਰ-ਵਾਰ ਧਿਆਨ ਇਨ੍ਹਾਂ ਤਰੱਕੀਆਂ ਵੱਲ ਦਿਵਾਇਆ ਜਾਵੇ। ਇਸ ਤੋਂ ਇਲਾਵਾ ਬਕਾਇਦਾ ਤਬਲੇ ਦੀ ਥਾਪ ਉਤੇ ਅਹੁਦੇਦਾਰਾਂ ਨੇ ਖੁਦ ਸੰਘਰਸ਼ ਲਈ ਬਣਾਈਆਂ ਕਵਿਤਾਵਾਂ ਬੋਲ ਕੇ ਵੀ ਆਪਣੇ ਰੋਸ ਦਾ ਇਜ਼ਹਾਰ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਧਰਨਾ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਅਮਰਜੀਤ ਸਿੰਘ ਨੌਰਾ, ਵਾਈਸ ਪ੍ਰਧਾਨ ਸੁਪਿੰਦਰ ਕੌਰ, ਰਾਜੇਸ਼ ਗਿੱਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਕਰੋਨਾਵਾਇਰਸ ਕਾਰਨ ਵਧੇਰੇ ਕੰਮਕਾਜ ਆਪਣੇ ਘਰ ਤੋਂ ਹੀ ਚਲਾ ਰਹੇ ਸਨ, ਪਰ ਜਿਸ ਦਿਨ ਦਾ ਪੂਟਾ ਨੇ ਧਰਨਾ ਸ਼ੁਰੂ ਕੀਤਾ ਹੈ, ਉਸੇ ਦਿਨ ਤੋਂ ਉਹ ਦਫ਼ਤਰ ਜਾਣ ਲੱਗ ਪਏ ਹਨ ਤੇ ਧਰਨੇ ਤੋਂ ਪਹਿਲਾਂ-ਪਹਿਲਾਂ ਆਪਣੇ ਦਫ਼ਤਰ ਜਾ ਬੈਠਦੇ ਹਨ। ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਵੱਲੋਂ ਇਨ੍ਹਾਂ ਤਰੱਕੀਆਂ ਸਬੰਧੀ ਆਨਲਾਈਨ ਮੀਟਿੰਗ ਵੀ ਕੀਤੀ ਗਈ ਹੈ, ਜਿਸ ਵਿੱਚ ਐਸੋਸੀਏਸ਼ਨ ਦੇ ਤਿੰਨ ਅਹੁਦੇਦਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ। ਮੀਟਿੰਗ ਵਿੱਚ ਉਕਤ ਮੰਗ ਨੂੰ ਜਲਦੀ ਵਿਚਾਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ ਪਰ ਐਸੋਸੀਏਸ਼ਨ ਅਹੁਦੇਦਾਰਾਂ ਦਾ ਮੰਨਣਾ ਹੈ ਕਿ ਪਹਿਲਾਂ ਵੀ ਕਈ ਵਾਰ ਹੋਈਆਂ ਮੀਟਿੰਗਾਂ ਦਾ ਕੋਈ ਹੱਲ ਨਾ ਨਿਕਲਣ ਤੋਂ ਬਾਅਦ ਹੁਣ ਉਹ ਸਿਰਫ਼ ਭਰੋਸਿਆਂ ਉਤੇ ਨਹੀਂ ਬਲਕਿ ਹਕੀਕਤ ਵਿੱਚ ਕੰਮ ਹੋਣ ’ਤੇ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੈਸ ਤਰੱਕੀਆਂ ਲਈ ਸਕਰੀਨਿੰਗ ਸ਼ੁਰੂ ਨਹੀਂ ਕਰਵਾਈਆਂ ਜਾਂਦੀਆਂ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਸਿੰਡੀਕੇਟ ਮੈਂਬਰਾਂ ਲਈ ਨਹੀਂ ਖੁੱਲ੍ਹਿਆ ਮੀਟਿੰਗ ਹਾਲ
ਪੰਜਾਬ ਯੂਨੀਵਰਸਿਟੀ ਵਿੱਚ ਉਪ-ਕੁਲਪਤੀ ਵੱਲੋਂ ਸਿੰਡੀਕੇਟ ਦੀ ਫਿਜ਼ੀਕਲ ਮੀਟਿੰਗ ਨਾ ਬੁਲਾਏ ਜਾਣ ਤੋਂ ਨਰਾਜ਼ ਚੱਲ ਰਹੇ ਸਿੰਡੀਕੇਟ ਮੈਂਬਰ ਅੱਜ ਖ਼ੁਦ ਹੀ ਆਪਣੇ ਪੱਧਰ ’ਤੇ ਮੀਟਿੰਗ ਕਰਨ ਲਈ ਪੂਰੀ ਤਿਆਰੀ ਨਾਲ ਪ੍ਰਬੰਧਕੀ ਬਲਾਕ ਸਥਿਤ ਮੀਟਿੰਗ ਹਾਲ ਤੱਕ ਪਹੁੰਚੇ ਤਾਂ ਉਥੇ ਉਨ੍ਹਾਂ ਨੂੰ ਸਿੰਡੀਕੇਟ ਅਤੇ ਸੈਨੇਟ ਦੇ ਮੀਟਿੰਗ ਹਾਲ ਨੂੰ ਤਾਲ਼ੇ ਲੱਗੇ ਮਿਲੇ। ਮੈਂਬਰਾਂ ਨੇ ਉਪ-ਕੁਲਪਤੀ ਦਫ਼ਤਰ ਵੱਲ ਨੂੰ ਕੂਚ ਕੀਤਾ ਤਾਂ ਦਫ਼ਤਰ ਦੇ ਮੁੱਖ ਗੇਟ ’ਤੇ ਸਕਿਓਰਿਟੀ ਨੇ ਦਰਵਾਜ਼ਾ ਬੰਦ ਕਰ ਲਿਆ। ਮੈਂਬਰਾਂ ਦਾ ਗੁੱਸਾ ਦੇਖ ਸੁਰੱਖਿਆ ਗਾਰਡਾਂ ਨੇ ਦਰਵਾਜ਼ਾ ਖੋਲ੍ਹਿਆ ਮੈਂਬਰਾਂ ਨੇ ਗੈਲਰੀ ਵਿੱਚ ਖੜ੍ਹੇ ਹੋ ਕੇ ਮੀਟਿੰਗ ਨਾ ਸੱਦੇ ਜਾਣ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਉਪ-ਕੁਲਪਤੀ ਕੋਲੋਂ ਮੰਗ ਕੀਤੀ ਕਿ ਸਿੰਡੀਕੇਟ ਮੈਂਬਰਾਂ ਨੂੰ ਰੋਕਣ ਨੂੰ ਲੈ ਕੇ ਸਕਿਓਰਿਟੀ ਅਫ਼ਸਰ ਨੂੰ ਡਿਊਟੀ ਤੋਂ ਤੁਰੰਤ ਮੁਅੱਤਲ ਕੀਤਾ ਜਾਵੇ। ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਦੇ ਗੈਲਰੀ ਵਿੱਚ ਆਉਣ ’ਤੇ ਸਿੰਡੀਕੇਟ ਮੈਂਬਰਾਂ ਨੇ ਕਿਹਾ ਕਿ ਪੀਯੂ ਵਿੱਚ ਉਪ-ਕੁਲਪਤੀ ਦਾ ਵਤੀਰਾ ਸਿੰਡੀਕੇਟ ਪ੍ਰਤੀ ਗਲਤ ਹੈ ਤੇ ਇਥੇ ਸਿੰਡੀਕੇਟ ਦਾ ਨਾਂ ਵਰਤ ਕੇ ਕਈ ਫ਼ੈਸਲੇ ਕੀਤੇ ਜਾ ਰਹੇ ਹਨ।