ਪੱਤਰ ਪ੍ਰੇਰਕ
ਚੰਡੀਗੜ੍ਹ, 9 ਜੂਨ
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੇ ਕੌਮਾਂਤਰੀ ਕਾਨਫ਼ਰੰਸਾਂ ’ਚ ਜਾਣ ਦੇ ਇੱਛੁਕ ਫੈਕਲਟੀ ਖੋਜਾਰਥੀਆਂ ਨੂੰ ਐਕਸ-ਇੰਡੀਆ ਲੀਵ ਦੇਣ ਵੇਲੇ ਪੱਖਪਾਤ ਕਰਨ ਅਤੇ ਬਿਨਾ ਮਤਲਬ ਅੜਿੱਕੇ ਡਾਹੁਣ ਦੇ ਦੋਸ਼ ਲਗਾਏ ਹਨ। ਇਸੇ ਸਬੰਧ ਵਿੱਚ ਐਸੋਸੀਏਸ਼ਨ ਵੱਲੋਂ ਉਪ ਕੁਲਪਤੀ ਨੂੰ ਇੱਕ ਪੱਤਰ ਲਿਖ ਲਿਖਿਆ ਗਿਆ ਹੈ।
ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਨੇ ਪੱਤਰ ਰਾਹੀਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕੌਮਾਂਤਰੀ ਕਾਨਫ਼ਰੰਸਾਂ ਵਿੱਚ ਭਾਗ ਲੈਣ ਲਈ ਜਾਣ ਦੇ ਇੱਛੁਕ ਫੈਕਲਟੀ ਖੋਜਾਰਥੀਆਂ ਨੂੰ ਉਨ੍ਹਾਂ ਦੇ ਚੱਲ ਰਹੇ ਪ੍ਰਾਜੈਕਟਾਂ ਦੇ ਬਹਾਨੇ ਛੁੱਟੀ ਦੇਣ ’ਚ ਅੜਿੱਕੇ ਡਾਹੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਟਾ ਦੇ ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਨੂੰ ਅਮਰੀਕਾ ਵਿੱਚ ਇੱਕ ਕੌਮਾਂਤਰੀ ਕਾਨਫ਼ਰੰਸ ਵਿੱਚ ਭਾਗ ਲੈਣ ਜਾਣ ਤੋਂ ਉਨ੍ਹਾਂ ਦੇ ਚੱਲ ਰਹੇ ਪ੍ਰਾਜੈਕਟ ਦਾ ਬਹਾਨਾ ਬਣਾ ਕੇ ਰੋਕਿਆ ਜਾ ਰਿਹਾ ਹੈ ਅਤੇ ਇੱਕ ਹਫ਼ਤੇ ਦੀ ਐਕਸ-ਇੰਡੀਆ ਲੀਵ ਮਨਜ਼ੂਰ ਨਹੀਂ ਕੀਤੀ ਜਾ ਰਹੀ ਜਦਕਿ ਪ੍ਰੋ. ਨੌਰਾ ਨੂੰ ਉਕਤ ਕਾਨਫ਼ਰੰਸ ਵਿੱਚ ਪੇਪਰ ਪੜ੍ਹਨ ਦਾ ਸੱਦਾ ਮਿਲਿਆ ਹੈ ਜੋ ਕਿ ਕਿਸੇ ਵੀ ਸੰਸਥਾ ਲਈ ਮਾਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਵੀਸੀ ਤੋਂ ਮੰਗ ਕੀਤੀ ਕਿ ਅਜਿਹੇ ਅੜਿੱਕੇ ਲਗਾਉਣ ਦੀ ਬਜਾਇ ਫੈਕਲਟੀ ਖੋਜਾਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।