ਪੱਤਰ ਪ੍ਰੇਰਕ
ਚੰਡੀਗੜ੍ਹ, 28 ਦਸੰਬਰ
ਪੰਜਾਬ ਯੂਨੀਵਰਸਿਟੀ ਵਿੱਚ ਉਪ-ਕੁਲਪਤੀ ਵੱਲੋਂ ਪਹਿਲਾਂ ਤੋਂ ਹੀ ਮੌਜੂਦ ਸੰਵਿਧਾਨਕ ਕਮੇਟੀਆਂ ਦੇ ਉੱਪਰ ਹੋਰ ਬਣਾਈਆਂ ਸੰਵਿਧਾਨਕ ਕਮੇਟੀਆਂ (ਅਕਾਦਮਿਕ ਸਮੀਖਿਆ ਕਮੇਟੀ, ਖੋਜ ਸਮੀਖਿਆ ਕਮੇਟੀ ਅਤੇ ਸਮਾਜਿਕ ਸਮੀਖਿਆ ਕਮੇਟੀ) ਦਾ ਪੂਟਾ ਵੱਲੋਂ ਵਿਰੋਧ ਕੀਤੇ ਜਾਣ ਦਾ ਅਸਰ ਅੱਜ ਦੇਖਣ ਨੂੰ ਮਿਲਿਆ ਜਦੋਂ ਅੱਜ ਡੀਯੂਆਈ ਨੇ ਇਨ੍ਹਾਂ ਕਮੇਟੀਆਂ ਦੀ ਪਲੇਠੀ ਮੀਟਿੰਗ ਹੀ ਰੱਦ ਕਰ ਦਿੱਤੀ। ਇਸ ਦੇ ਨਾਲ ਹੀ ਪੀਯੂ ਵਿੱਚ ਅਧਿਆਪਕਾਂ ਦੀਆਂ ਸੀਏਐੱਸ (ਕਰੀਅਰ ਐਡਵਾਂਸਮੈਂਟ ਸਕੀਮ) ਅਧੀਨ ਤਰੱਕੀਆਂ ਲਈ ਇੰਟਰਵਿਊਜ਼ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦਾ ਉਪ-ਕੁਲਪਤੀ ਕੇ ਕੈਂਪ ਆਫ਼ਿਸ ਅੱਗੇ ਲਗਾਤਰ ਧਰਨਾ ਅੱਜ 39ਵੇਂ ਦਿਨ ਵੀ ਜਾਰੀ ਰਿਹਾ। ਪੂਟਾ ਕਾਰਜਕਾਰਨੀ ਨੇ ਅੱਜ ‘ਯਹਾਂ ਕੇ ਹਮ ਹੈਂ ਰਾਜ ਕੁਮਾਰ’ ਗੀਤ ਗਾ ਕੇ ਉਪ-ਕੁਲਪਤੀ ਦੀ ਤਾਨਾਸ਼ਾਹੀ ਉਤੇ ਵਿਅੰਗ ਕਸਿਆ ਅਤੇ ਕਿਹਾ ਕਿ ਉਹ ਸਾਰੇ ਅਧਿਕਾਰੀਆਂ ਅਤੇ ਚੈਨਲਾਂ ਦਾ ਖ਼ਾਤਮਾ ਕਰਕੇ ਖ਼ੁਦ ਨੂੰ ਇਸ ’ਵਰਸਿਟੀ ਦੇ ਰਾਜ ਕੁਮਾਰ ਸਮਝ ਬੈਠੇ ਹਨ। ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਵਾਈਸ ਪ੍ਰਧਾਨ ਪ੍ਰੋ. ਸੁਪਿੰਦਰ ਕੌਰ, ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਨੇ ਸੰਬੋਧਨ ਕਰਦਿਆਂ ਉਪ-ਕੁਲਪਤੀ ਦੇ ਘਰ ਤੱਕ ਅਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦਾ ਕੰਮ ਸ਼ੁਰੂ ਕਰਨ ਲਈ ਕਿਹਾ। ਉਕਤ ਅਹੁਦੇਦਾਰਾਂ ਨੇ ਕਿਹਾ ਕਿ ਉਪ-ਕੁਲਪਤੀ ਨੇ ਯੂਨੀਵਰਸਿਟੀ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਪ-ਕੁਲਪਤੀ ਦੀ ਚੁੱਪੀ ਤੋੜਨ ਲਈ ਪੂਟਾ ਆਪਣਾ ਸੰਵਿਧਾਨਕ ਢੰਗ ਨਾਲ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰੱਖੇਗੀ ਜੋ ਕਿ ਅਧਿਆਪਕਾਂ ਦੀਆਂ ਤਰੱਕੀਆਂ ਬਾਰੇ ਇੰਟਰਵਿਊਜ਼ ਕਰਵਾਉਣ ਤੱਕ ਜਾਰੀ ਰਹੇਗਾ।