ਕੁਲਦੀਪ ਸਿੰਘ
ਚੰਡੀਗੜ੍ਹ, 13 ਫ਼ਰਵਰੀ
ਪੰਜਾਬ ਯੂਨੀਵਰਸਿਟੀ ਵਿੱਚ ਅੱਜ ਸੈਨੇਟ ਦੀ ਆਨਲਾਈਨ ਮੀਟਿੰਗ ਹੋਈ ਅਤੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੂੰ ‘ਸਿੰਡੀਕੇਟ’ ਦੀ ਬਾਡੀ ਪੂਰੀ ਤਰ੍ਹਾਂ ਗਠਿਤ ਹੋਣ ਤੱਕ ਸਾਰੇ ਅਧਿਕਾਰ ਸੌਂਪ ਦਿੱਤੇ ਗਏ। ਉਨ੍ਹਾਂ ਨੂੰ ਵੱਖ-ਵੱਖ ਨੀਤੀਆਂ ਘੜਨ ਲਈ ਕਮੇਟੀਆਂ ਅਤੇ ਉਪ-ਕਮੇਟੀਆਂ ਦਾ ਗਠਨ ਕਰਨ ਦੇ ਅਧਿਕਾਰ ਦਿੱਤੇ ਗਏ ਤਾਂ ਜੋ ਪੰਜਾਬ ਯੂਨੀਵਰਸਿਟੀ ਦੇ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੀਸ਼ਨ ਕੌਂਸਲ (ਨੈਕ) ਦੇ ਅਗਲੇ ਦੌਰੇ ਸਬੰਧੀ ਯੂਨੀਵਰਸਿਟੀ ਦੀ ਸਵੈ-ਅਧਿਐਨ ਰਿਪੋਰਟ ਨੂੰ ਜਲਦ ਭਰਿਆ ਜਾ ਸਕੇ। ਇਹ ’ਵਰਸਿਟੀ ਦੇ ਬਿਹਤਰ ਸਕੋਰ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰੇਗਾ। ਪ੍ਰੋ. ਕੁਲਦੀਪ ਅਗਨੀਹੋਤਰੀ, ਸਤਿਆ ਪਾਲ ਜੈਨ ਅਤੇ ਪ੍ਰੋ. ਐੱਚ.ਐੱਸ. ਬੇਦੀ ਸਮੇਤ ਬਹੁਤ ਸਾਰੇ ਸਿੰਡੀਕੇਟ ਮੈਂਬਰਾਂ ਨੇ ਇਸ ਫ਼ੈਸਲੇ ਦਾ ਸਮਰਥਨ ਕੀਤਾ।
ਵਾਈਸ ਚਾਂਸਲਰ ਨੂੰ ਬੋਰਡ ਆਫ਼ ਫ਼ਾਇਨਾਂਸ ਦੀ ਪਾਵਰ ਵੀ ਦਿੱਤੀ ਗਈ ਤਾਂ ਜੋ 31 ਮਾਰਚ 2022 ਨੂੰ ਵਿੱਤੀ ਸਾਲ ਦੀ ਸਮਾਪਤੀ ਤੋਂ ਬਾਅਦ ਬਿਨਾਂ ਕਿਸੇ ਰੁਕਾਵਟ ਤੋਂ ਕੰਮ ਚਲਦਾ ਰਹੇ।
ਪੰਜਾਬ ਯੂਨੀਵਰਸਿਟੀ ਦੇ ਦੋ ਸਾਬਕਾ ਵਿਦਿਆਰਥੀਆਂ ਪ੍ਰੋ. ਐੱਚ.ਐੱਸ. ਬੇਦੀ ਅਤੇ ਡਾ. ਜਤਿੰਦਰ ਕੁਮਾਰ ਬਜਾਜ ਨੂੰ ਭਾਰਤ ਸਰਕਾਰ ਤੋਂ ਪਦਮਸ੍ਰੀ ਪੁਰਸਕਾਰ ਲਈ ਮਾਨਤਾ ਦਿੱਤੇ ਜਾਣ ਦੀ ਸ਼ਲਾਘਾ ਨਾਲ ਸ਼ੁਰੂ ਹੋਈ ਸੈਨੇਟ ਮੀਟਿੰਗ ਵਿੱਚ ਹਾਜ਼ਰ ਬਹੁਤੇ ਮੈਂਬਰਾਂ ਨੇ ਕਿਹਾ ਕਿ ਅਧਿਕਾਰ ਸੌਂਪਣ ਨਾਲ ਵਾਈਸ ਚਾਂਸਲਰ ਅਤੇ ਹੋਰ ਅਧਿਕਾਰੀਆਂ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਸਮੁੱਚੇ ਵਾਤਾਵਰਣ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ ਕਾਲਜਾਂ ਦੀਆਂ ਕਈ ਰੁਕਾਵਟਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ।
ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼ ਪ੍ਰੋ. ਐੱਸ. ਕੇ. ਤੋਮਰ ਨੇ ਸਾਰੇ ਮੈਂਬਰਾਂ ਨੂੰ ‘ਨੈਕ’ ਕਮੇਟੀ ਦੇ ਆਉਣ ਵਾਲੇ ਦੌਰੇ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਦੌਰੇ ਤੋਂ ਪਹਿਲਾਂ ਇੱਕ ਮਹੱਤਵਪੂਰਨ ਮਾਪਦੰਡ ਨੂੰ ਪੂਰਾ ਕਰਨ ਲਈ ਨੌਂ ਵੱਖ-ਵੱਖ ਨੀਤੀਆਂ ਬਣਾਉਣੀਆਂ ਪੈਣਗੀਆਂ। ਵਿਚਾਰ-ਵਟਾਂਦਰੇ ਦੌਰਾਨ ਵਾਈਸ ਚਾਂਸਲਰ ਨੂੰ ਅਜਿਹੀ ਕੋਈ ਵੀ ਕਮੇਟੀ ਗਠਿਤ ਕਰਨ ਲਈ ਅਧਿਕਾਰਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਜੋ ਇਨ੍ਹਾਂ ਨੀਤੀਆਂ ਨੂੰ ਜਲਦੀ ਤੋਂ ਜਲਦੀ ਤਿਆਰ ਕਰ ਸਕੇ ਤਾਂ ਜੋ ਯੂਨੀਵਰਸਿਟੀ ਦੇ ਸਰਵੋਤਮ ਅਕਾਦਮਿਕ ਹਿੱਤ ਵਿੱਚ ਅੰਤਿਮ ਪ੍ਰਵਾਨਗੀ ਅਤੇ ਲਾਗੂ ਕਰਨ ਲਈ ਇਨ੍ਹਾਂ ’ਤੇ ਬਹਿਸ ਅਤੇ ਚਰਚਾ ਕੀਤੀ ਜਾ ਸਕੇ।
ਸੈਨੇਟ ਵੱਲੋਂ ਪ੍ਰੋ. ਐੱਸ.ਕੇ. ਤੋਮਰ ਨੂੰ ਡੀਨ ਯੂਨੀਵਰਸਿਟੀ ਇੰਸਟਰੱਕਸ਼ਨਜ਼, ਪ੍ਰੋ. ਰੇਨੂੰ ਵਿੱਜ ਨੂੰ ਡੀਨ ਰਿਸਰਚ ਅਤੇ ਪ੍ਰੋ. ਜਗਤਾਰ ਸਿੰਘ ਨੂੰ ਡੀਨ ਵਿਦਿਆਰਥੀ ਭਲਾਈ (ਲੜਕੇ) ਦੀ ਨਿਯੁਕਤੀ ਵਜੋਂ ਮਨਜ਼ੂਰੀਆਂ ਵੀ ਦੇ ਦਿੱਤੀਆਂ ਗਈਆਂ।