ਕੁਲਦੀਪ ਸਿੰਘ
ਚੰਡੀਗੜ੍ਹ, 29 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਕਰਵਾਉਣ ਦਾ ਮਾਮਲਾ ਹੁਣ ਉਪ-ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੇ ਦਰਬਾਰ ਵਿੱਚ ਪਹੁੰਚ ਗਿਆ ਹੈ। ਊਹ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ। ਗਵਰਨਰ ਵੀ.ਪੀ. ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਣ ਉਪਰੰਤ ਸੈਨੇਟਰਾਂ ਹਰਪ੍ਰੀਤ ਸਿੰਘ ਦੂਆ, ਜਰਨੈਲ ਸਿੰਘ, ਪ੍ਰੋ. ਚਮਨ ਲਾਲ, ਰਾਬਿੰਦਰ ਨਾਥ ਸ਼ਰਮਾ, ਕੇਸ਼ਵ ਮਲਹੋਤਰਾ, ਨਵਦੀਪ ਗੋਇਲ, ਸਰਬਜੀਤ ਕੌਰ, ਰਜਤ ਸੰਧੀਰ, ਅਸ਼ੋਕ ਗੋਇਲ, ਅਮਨਪ੍ਰੀਤ ਸਿੰਘ, ਸੁਰਿੰਦਰ ਕੌਰ, ਅਮੀਰ ਸੁਲਤਾਨਾ, ਸ਼ਮਿੰਦਰ ਸਿੰਘ, ਇੰਦਰਜੀਤ ਕੌਰ, ਰੌਣਕੀ ਰਾਮ, ਅਨੂ ਚਤਰਥ, ਪ੍ਰੋ. ਇਮੈਨੁਅਲ ਨਾਹਰ ਸਮੇਤ ਕੁੱਲ 37 ਸੈਨੇਟਰਾਂ ਨੇ ਉਪ-ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ ਤੇ ਸੈਨੇਟ ਚੋਣਾਂ ਜਲਦੀ ਕਰਵਾਊਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਹੈ।
ਸੈਨੇਟਰਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਮੌਜੂਦਾ ਸੈਨੇਟ ਦੀ ਮਿਆਦ 31 ਅਕਤੂਬਰ ਨੂੰ ਖ਼ਤਮ ਹੋ ਰਹੀ ਹੈ ਪਰ ਅਗਲੀ ਸੈਨੇਟ ਲਈ ਚੋਣ ਪ੍ਰਕਿਰਿਆ ਫਿਲਹਾਲ ਬੰਦ ਹੈ। ਪੀਯੂ ਕੈਲੰਡਰ ਮੁਤਾਬਕ ਯੂਨੀਵਰਸਿਟੀ ਵਿਚ ਸੈਨੇਟ ਅਤੇ ਸਿੰਡੀਕੇਟ ਦੋਵੇਂ ਸਰਵਉੱਚ ਗਵਰਨਿੰਗ ਬਾਡੀਜ਼ ਹਨ। ਸੈਨੇਟਰਾਂ ਨੇ ਉਪ-ਰਾਸ਼ਟਰਪਤੀ ਕੋਲੋਂ ਮੰਗ ਕੀਤੀ ਕਿ ਅਗਲੀ ਸੈਨੇਟ ਦੀ ਚੋਣ ਕਰਵਾਏ ਜਾਣ ਤੱਕ ਮੌਜੂਦਾ ਸੈਨੇਟ ਦੀ ਮਿਆਦ ਵਧਾਈ ਜਾਵੇ।
ਬੀਐੱਡ ਦਾਖਲਿਆਂ ਲਈ ਅੰਤਿਮ ਤਰੀਕ ਵਧਾਈ
ਪੰਜਾਬ ਯੂਨੀਵਰਸਿਟੀ ਨੇ ਚੰਡੀਗੜ੍ਹ ਸਥਿਤ ਕਾਲਜਾਂ ਵਿੱਚ ਬੀ.ਐੱਡ. (ਜਨਰਲ), ਬੀ.ਐੱਡ. (ਯੋਗਾ) ਅਤੇ ਬੀ.ਐੱਡ. (ਇੰਟੈਲੈਕਚੁਅਲ ਡਿਸਏਬਿਲਿਟੀ) ਦੇ ਫਾਰਮ ਜਮ੍ਹਾਂ ਕਰਵਾਊਣ ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਅੰਤਿਮ ਤਰੀਕ ਵਿੱਚ ਵਾਧਾ ਕੀਤਾ ਹੈ। ਜਾਣਕਾਰੀ ਮੁਤਾਬਕ ਵੈੱਬਸਾਈਟ ਉੱਤੇ ਲਾਗਇਨ ਅਤੇ ਪਾਸਵਰਡ ਪ੍ਰਾਪਤ ਕਰਨ ਲਈ ਜਾਣਕਾਰੀ ਭਰਨ ਵਾਸਤੇ ਤਰੀਕ 22 ਅਕਤੂਬਰ ਤੋਂ ਵਧਾ ਕੇ ਹੁਣ 6 ਨਵੰਬਰ ਕਰ ਦਿੱਤੀ ਗਈ ਹੈ। ਫੀਸ ਜਮ੍ਹਾਂ ਕਰਵਾਉਣ ਲਈ ਅੰਤਿਮ ਮਿਤੀ 27 ਅਕਤੂਬਰ ਤੋਂ ਵਧਾ ਕੇ 10 ਨਵੰਬਰ ਕਰ ਦਿੱਤੀ ਗਈ ਹੈ। ਵੈੱਬਸਾਈਟ ਉੱਤੇ ਫੋਟੋ, ਹਸਤਾਖਰ ਅਤੇ ਹੋਰ ਜਾਣਕਾਰੀ ਅਪਲੋਡ ਕਰਨ ਲਈ ਅੰਤਿਮ ਤਰੀਕ 29 ਅਕਤੂਬਰ ਤੋਂ ਵਧਾ ਕੇ 12 ਨਵੰਬਰ ਕਰ ਦਿੱਤੀ ਗਈ ਹੈ।