ਕੁਲਦੀਪ ਸਿੰਘ
ਚੰਡੀਗੜ੍ਹ, 7 ਦਸੰਬਰ
ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਦੀਆਂ ਮੰਗਾਂ ਲਈ ਪੀਫਕਟੋ ਵੱਲੋਂ ਰੋਜ਼ਾਨਾ ਇੱਕ ਘੰਟਾ ਧਰਨਾ ਦਿੱਤੇ ਜਾਣ ਦੇ ਸੱਦੇ ਉੱਤੇ ਅੱਜ ਪੀ.ਯੂ. ਟੀਚਰਜ਼ ਐਸੋਸੀਏਸ਼ਨ (ਪੂਟਾ) ਨੇ ਵਾਈਸ ਚਾਂਸਲਰ ਦਫ਼ਤਰ ਅੱਗੇ ਦੂਸਰੇ ਦਿਨ ਵੀ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ’ਚ ਪੜ੍ਹਾਈ ਵੀ ਠੱਪ ਰਹੀ।
ਪੂਟਾ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ, ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਅਤੇ ਸਰਵਨਰਿੰਦਰ ਕੌਰ ਆਦਿ ਨੇ ਕਿਹਾ ਕਿ ਅਧਿਆਪਕਾਂ ਦੇ ਇਨ੍ਹਾਂ ਭਖਦੇ ਮਸਲਿਆਂ ਉੱਤੇ ਪੰਜਾਬ ਸਰਕਾਰ ਵੱਲੋਂ ਧਾਰੀ ਚੁੱਪ ਚਿੰਤਾਜਨਕ ਹੈ ਕਿਉਂਕਿ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਵੱਲੋਂ ਪੀਫਕਟੋ ਦੇ ਸੱਦੇ ਉੱਤੇ ਦਿੱਤੇ ਜਾ ਰਹੇ ਸੂਬਾ ਪੱਧਰੀ ‘ਸਿੱਖਿਆ ਬੰਦ’ ਦੇ ਬਾਵਜੂਦ ਸਰਕਾਰ ਢੀਠਪੁਣਾ ਨਹੀਂ ਛੱਡ ਰਹੀ। ਇਹ ਗੰਭੀਰ ਚਿੰਤਾ ਦੀ ਗੱਲ ਹੈ ਕਿ ਸੂਬਾ ਸਰਕਾਰ ਨੂੰ ਨਾ ਤਾਂ ਅਧਿਆਪਕਾਂ ਦੇ ਲੰਬੇ ਸਮੇਂ ਤੋਂ ਬਕਾਇਆ ਪਏ ਬਕਾਇਆਂ ਦੀ ਕੋਈ ਪ੍ਰਵਾਹ ਹੈ ਅਤੇ ਨਾ ਹੀ ਸਰਕਾਰ ਨੂੰ ਜਗਾਉਣ ਲਈ ਪਹਿਲੀ ਦਸੰਬਰ 2021 ਤੋਂ ਮਰਨ ਤੱਕ ਭੁੱਖ ਹੜਤਾਲ ਉੱਤੇ ਬੈਠੇ ਪ੍ਰੋ. ਐੱਚ.ਐੱਸ. ਕਿੰਗਰਾ ਦੀ ਤੇਜ਼ੀ ਨਾਲ ਵਿਗੜਦੀ ਸਿਹਤ ਦੀ ਪ੍ਰਵਾਹ ਹੈ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸੱਤਵਾਂ ਯੂ.ਜੀ.ਸੀ. ਤਨਖਾਹ ਕਮਿਸ਼ਨ ਲਾਗੂ ਕਰਵਾਉਣ ਅਤੇ ਨਵੇਂ ਅਧਿਆਪਕਾਂ ਦੀ ਭਰਤੀ ਲਈ ਤਨਖਾਹ ਸਕੇਲਾਂ ਨੂੰ ਯੂ.ਜੀ.ਸੀ. ਨਾਲੋਂ ਵੱਖ ਕੀਤੇ ਜਾਣ ਦਾ ਫ਼ੈਸਲਾ ਵਾਪਿਸ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਦੇ ਲਈ ਸੱਤਵਾਂ ਤਨਖਾਹ ਕਮਿਸ਼ਨ ਤੁਰੰਤ ਲਾਗੂ ਕੀਤਾ ਜਾਵੇ ਅਤੇ ਨਵੇਂ ਭਰਤੀਆਂ ਵਿੱਚ ਤਨਖਾਹ ਸਕੇਲਾਂ ਨੂੰ ਯੂ.ਜੀ.ਸੀ. ਨਾਲੋਂ ਵੱਖ ਕਰਨ ਦੇ ਫ਼ੈਸਲੇ ਨੂੰ ਵਾਪਸ ਲਿਆ ਜਾਵੇ।