ਚੰਡੀਗੜ੍ਹ (ਪੱਤਰ ਪ੍ਰੇਰਕ): ‘ਦਿ ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼-2020’ ਵਿੱਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚੋਂ ਪੰਜਾਬ ਯੂਨੀਵਰਸਿਟੀ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਿਸੇ ਵੀ ਯੂਨੀਵਰਸਿਟੀ ਦੀ ਰੈਂਕਿੰਗ ਦਾ ਪਤਾ ਲਗਾਉਣ ਲਈ ਟੀਚਿੰਗ, ਰਿਸਰਚ, ਜਾਣਕਾਰੀਆਂ ਦਾ ਆਦਾਨ-ਪ੍ਰਦਾਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਆਦਿ ਬਾਰੇ ਤੁਲਨਾ ਕੀਤੀ ਜਾਂਦੀ ਹੈ ਜਿਸ ਵਿੱਚ ਪੰਜਾਬ ਯੂਨੀਵਰਸਿਟਂ ਨੇ ਚੰਗਾ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਇਸ ਵਧੀਆ ਰੈਂਕਿੰਗ ਆਉਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਪੀਯੂ ਦੇ ਲਈ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਜੋ ਕਿ ਯੂਨੀਵਰਸਿਟੀ ਆਫ਼ ਦਿੱਲੀ, ਥਾਪਰ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਪਛਾੜ ਕੇ ਤੀਸਰੇ ਸਥਾਨ ’ਤੇ ਆਈ ਹੈ। ਇਸ ਰੈਂਕਿੰਗ ਵਿੱਚ ਸਾਵਿੱਤਰੀ ਬਾਈ ਫੂਲੇ ਪੂਨਾ ਯੂਨੀਵਰਸਿਟੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਅੰਮ੍ਰਿਤਾ ਵਿਸ਼ਵਾ ਵਿੱਦਿਆਪੀਠਮ ਨੇ ਦੂਸਰਾ ਸਥਾਨ ਹਾਸਲ ਕੀਤਾ।