ਕੁਲਦੀਪ ਸਿੰਘ
ਚੰਡੀਗੜ੍ਹ, 2 ਨਵੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਊਂਸਿਲ ਦੇ ਨਵ-ਨਿਯੁਕਤ ਪ੍ਰਧਾਨ ਆਯੂਸ਼ ਖਟਕੜ ਨੇ ਅੱਜ ਆਪਣੇ ਅਹੁਦੇ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਸਹੁੰ ਚੁੱਕੀ। ਕੈਂਪਸ ਸਥਿਤ ਅੰਗਰੇਜ਼ੀ ਆਡੀਟੋਰੀਅਮ ਵਿੱਚ ਕਰਵਾਏ ਗਏ ਇਸ ਸਹੁੰ ਚੁੱਕ ਸਮਾਗਮ ਵਿੱਚ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਜੈਤੋਂ ਤੋਂ ‘ਆਪ’ ਵਿਧਾਇਕ ਅਮੋਲਕ ਸਿੰਘ ਵੀ ਮੌਜੂਦ ਸਨ।
ਪੀਯੂ ਅਥਾਰਿਟੀ ਵੱਲੋਂ ਡੀਨ ਵਿਦਿਆਰਥੀ ਭਲਾਈ (ਲੜਕੇ) ਪ੍ਰੋ. ਜਗਤਾਰ ਸਿੰਘ, ਡੀਨ ਵਿਦਿਆਰਥੀ ਭਲਾਈ (ਲੜਕੀਆਂ) ਰੁਪਾਲੀ ਗਰਗ, ਡੀਨ ਐਸੋਸੀਏਟ ਅਸ਼ੋਕ ਕੁਮਾਰ ਸਮਾਗਮ ਵਿੱਚ ਮੌਜੂਦ ਸਨ ਜਿਨ੍ਹਾਂ ਨੇ ਆਯੂਸ਼ ਖਟਕੜ ਨੂੰ ਪ੍ਰਧਾਨਗੀ ਦੇ ਅਹੁਦੇ ਦੀ ਸਹੁੰ ਚੁਕਾਈ। ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਨੇ ਸਟੂਡੈਂਟਸ ਸੈਂਟਰ ਵਿੱਚ ਸਥਿਤ ਵਿਦਿਆਰਥੀ ਕਾਊਂਸਿਲ ਦਫ਼ਤਰ ਲਿਜਾ ਕੇ ਆਯੂਸ਼ ਖਟਕੜ ਨੂੰ ਪ੍ਰਧਾਨਗੀ ਦੀ ਸੀਟ ਉੱਤੇ ਬਿਠਾਉਣ ਦੀ ਰਸਮੀ ਕਾਰਵਾਈ ਨਿਭਾਈ ਅਤੇ ਆਯੂਸ਼ ਨੂੰ ਇਸ ਨਵੇਂ ਅਹੁਦੇ ਲਈ ਵਧਾਈ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਮੰਗ ਮੁਤਾਬਕ ਪੰਜਾਬ ਯੂਨੀਵਰਸਿਟੀ ਵਿੱਚ ਦੋ ਨਵੇਂ ਹੋਸਟਲਾਂ (ਇੱਕ ਹੋਸਟਲ ਲੜਕਿਆਂ ਲਈ ਅਤੇ ਇਕ ਹੋਸਟਲ ਲੜਕੀਆਂ ਲਈ) ਦੀ ਉਸਾਰੀ ਵਾਸਤੇ ਪੰਜਾਬ ਸਰਕਾਰ ਵੱਲੋਂ ਫੰਡ ਮੁਹੱਈਆ ਕਰਵਾਏ ਜਾਣਗੇ।
ਕਾਊਂਸਿਲ ਪ੍ਰਧਾਨ ਆਯੂਸ਼ ਖਟਕੜ ਨੇ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਪੀਯੂ ਅਥਾਰਿਟੀ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਅਤੇ ਵਿਦਿਆਰਥੀਆਂ ਨਾਲ ਸਬੰਧਤ ਹਰ ਮਸਲੇ ਨੂੰ ਅਥਾਰਿਟੀ ਤੱਕ ਪਹੁੰਚਾ ਕੇ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ।
ਸਮਾਗਮ ਦੌਰਾਨ ਵਿਦਿਆਰਥੀ ਆਗੂ ਪਾਰਸ ਰਤਨ, ਸੰਜੀਵ ਚੌਧਰੀ, ਨਵਲਦੀਪ ਸਿੰਘ, ਰਵਿੰਦਰ ਗਿੱਲ, ਸੁਮਿਤ ਰੂਹਲ, ਮਨਜੋਤ ਸਿੰਘ ਪੱਡਾ ਤੇ ਸਿਧਾਰਥ ਠਾਕੁਰ ਨੇ ਆਯੂਸ਼ ਖਟਕੜ ਨੂੰ ਅਹੁਦੇ ਦੀ ਵਧਾਈ ਦਿੱਤੀ।