ਕੁਲਦੀਪ ਸਿੰਘ
ਚੰਡੀਗੜ੍ਹ, 11 ਜੁਲਾਈ
ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਪਿਛਲੇ ਦਿਨੀਂ ਨਿਊਕਲੀਅਰ ਮੈਡੀਸਿਨ ਸੈਂਟਰ ਬੰਦ ਕੀਤੇ ਜਾਣ ਸਮੇਤ ਵੱਖ-ਵੱਖ ਕੋਰਸਾਂ ਦੀਆਂ ਫ਼ੀਸਾਂ ਵਿੱਚ ਵਾਧਾ ਕੀਤੇ ਜਾਣ ਤੋਂ ਇਲਾਵਾ ਯੂਨੀਵਰਸਿਟੀ ਦੇ ਛੇ ਵਿਭਾਗਾਂ ਨੂੰ ਇਕੱਠਾ ਕਰਕੇ ਇੱਕ ਵਿਭਾਗ ਬਣਾਏ ਜਾਣ ਵਰਗੇ ਫ਼ੈਸਲਿਆਂ ਖਿਲਾਫ਼ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਆਈਸਾ, ਐੱਨਐੱਸਯੂਆਈ, ਪੀਐੱਸਯੂ. ਲਲਕਾਰ, ਪੀਐਫਯੂਐਸ, ਪੂਸੂ, ਸੱਥ, ਐੱਸਓਆਈ, ਸੋਪੂ ਅਤੇ ਐੱਸਐੱਫਐੱਸ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਨਿਊਕਲੀਅਰ ਮੈਡੀਸਿਨ ਸੈਂਟਰ ਦੇ ਵਿਦਿਆਰਥੀਆਂ ਵੀ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀ ਮੰਗਾਂ ਸਬੰਧੀ ਪੀਯੂ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਵਿਦਿਆਰਥੀ ਆਗੂ ਸੰਦੀਪ, ਅਮਨ, ਜੋਬਨ, ਹਰਮਨ, ਬਲਿੰਦਰ ਕੁਮਾਰ, ਮਨਜੋਧ ਪੱਡਾ, ਰਵਿੰਦਰ ਸਿੰਘ, ਅਨਿਲ ਨੇ ਕਿਹਾ ਕਿ ਇਹ ਸਮੁੱਚਾ ਵਰਤਾਰਾ ਸਾਜਿਸ਼ੀ ਰੂਪ ਨਾਲ ਇੱਕ ਪੈਟਰਨ ਨੂੰ ਕਾਮਯਾਬ ਕਰਨ ਲਈ ਕੀਤਾ ਜਾ ਰਿਹਾ ਹੈ। ਭਾਜਪਾ ਇਸੇ ਤਰਜ਼ ’ਤੇ ਪਹਿਲਾਂ ਬੀ.ਐੱਸ.ਐੱਨ ਐੱਲ., ਭਾਰਤੀ ਰੇਲ ਸੇਵਾ, ਭਾਰਤੀ ਹਵਾਈ ਸੇਵਾ, ਏਅਰਪੋਰਟ ਆਦਿ ਹਰ ਚੀਜ਼ ਕਾਰਪੋਰੇਟਾਂ ਨੂੰ ਵੇਚ ਚੁੱਕੀ ਹੈ ਤੇ ਹੁਣ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਅਤੇ ਨਿੱਜੀਕਰਨ ਕਰਨ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ। ਜਦੋਂ ਤੋਂ ਭਾਜਪਾ ਕੇਂਦਰ ਵਿੱਚ ਅਤੇ ਉਸਦੇ ਕਾਰਕੁਨ ਯੂਨੀਵਰਸਿਟੀ ਦੇ ਪ੍ਰਬੰਧਕੀ ਢਾਂਚੇ ’ਤੇ ਕਾਬਜ਼ ਹੋਏ ਹਨ, ਉਦੋਂ ਤੋਂ ਹੀ ਪੰਜਾਬ ਯੂਨੀਵਰਸਿਟੀ ਦਾ ਦਰਜਾ ਦੁਨੀਆਂ ਪੱਧਰ ਦੀਆਂ ਸੂਚੀਆਂ ਵਿੱਚ ਲਗਾਤਾਰ ਹੇਠਾਂ ਡਿੱਗ ਰਿਹਾ ਹੈ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਿੱਖਿਆ ਜਨਤਕ ਭਲਾਈ ਲਈ ਹੁੰਦੀ ਹੈ ਕੋਈ ਵਸਤੂ ਨਹੀਂ। ਕਈ ਵਿਭਾਗਾਂ ਦੇ ਰਲ਼ੇਵੇਂ ਬਾਰੇ ਬੋਲਦਿਆਂ ਵਿਦਿਆਰਥੀਆਂ ਨੇ ਕਿਹਾ ਕਿ ਇਸ ਨਾਲ ਖੋਜ ਅਤੇ ਅਧਿਆਪਨ ਵਿੱਚ ਵਿਸ਼ੇਸ਼ਤਾ ਘਟੇਗੀ। ਵਿਦਿਆਰਥੀਆਂ ਨੇ ਪੀ.ਯੂ. ਅਥਾਰਿਟੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੇ ਤਾਨਾਸ਼ਾਹੀ ਹੁਕਮਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਜਥੇਬੰਦੀਆਂ ਇਨ੍ਹਾਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋ ਜਾਣਗੀਆਂ। ਐਸ.ਐਫ.ਐਸ. ਤੋਂ ਸੰਦੀਪ ਨੇ ਪੰਜਾਬ ਯੂਨੀਵਰਸਿਟੀ ਦੇ ਹਿਤੈਸ਼ੀਆਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਨੂੰ ਬਚਾਉਣ ਲਈ ਵਿਦਿਆਰਥੀਆਂ ਦਾ ਸਹਿਯੋਗ ਦੇਣ ਲਈ ਅੱਗੇ ਆਉਣ।