ਪੱਤਰ ਪ੍ਰੇਰਕ
ਚੰਡੀਗੜ੍ਹ, 18 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿਚ ਸੈਨੇਟ ਚੋਣਾਂ ਕਰਵਾਉਣ ਲਈ ਪੀਯੂ ਫੈਲੋਜ਼ ਵੱਲੋਂ ਚੰਡੀਗੜ੍ਹ ਦੇ ਮੁੱਖ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਪੱਤਰ ਲਿਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫੈਲੋਜ਼ ਅਸ਼ੋਕ ਗੋਇਲ, ਅਨੂ ਚਤਰਥ, ਨਵਦੀਪ ਗੋਇਲ, ਰਾਬਿੰਦਰ ਨਾਥ ਸ਼ਰਮਾ, ਪ੍ਰੋ. ਚਮਨ ਲਾਲ, ਕੇਸ਼ਵ ਮਲਹੋਤਰਾ, ਪ੍ਰੋ. ਇਮੈਨੂਅਲ ਨਾਹਰ, ਡੀ.ਪੀ.ਐੱਸ. ਰੰਧਾਵਾ, ਇੰਦਰਜੀਤ ਕੌਰ ਆਦਿ ਸਮੇਤ ਕਈ ਫੈਲੋਜ਼ ਵੱਲੋਂ ਸ੍ਰੀ ਬਦਨੌਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਰਜਿਸਟਰਾਰ ਰਾਹੀਂ ਉਨ੍ਹਾਂ ਨੂੰ ਚੋਣਾਂ ਸਬੰਧੀ ਮਨਜ਼ੂਰੀ ਲੈਣ ਲਈ ਭੇਜਿਆ ਹੋਇਆ ਪੱਤਰ ਪੀਯੂ ਨੂੰ ਵਾਪਸ ਭੇਜ ਕੇ ਸੈਨੇਟ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਉਪ-ਕੁਲਪਤੀ ਕਥਿਤ ਤੌਰ ’ਤੇ ਯੂਨੀਵਰਸਿਟੀ ਵਿੱਚ ਲੋਕਤੰਤਰ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਊਨ੍ਹਾਂ ਦੋਸ਼ ਲਗਾਇਆ ਕਿ ਉਪ-ਕੁਲਪਤੀ ਇਨ੍ਹਾਂ ਚੋਣਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਯੂ.ਟੀ. ਪ੍ਰਸ਼ਾਸਨ ਨੂੰ ਜਾਣਬੁੱਝ ਕੇ ਸ਼ਾਮਿਲ ਕਰ ਰਹੇ ਹਨ ਤਾਂ ਕਿ ਕਿਸੇ ਕਾਨੂੰਨੀ ਜਾਂ ਅਦਾਲਤੀ ਪ੍ਰਕਿਰਿਆ ਸ਼ੁਰੂ ਹੋਣ ਦੀ ਸੂਰਤ ਵਿੱਚ ਯੂਟੀ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ। ਫੈਲੋਜ਼ ਨੇ ਸ੍ਰੀ ਬਦਨੌਰ ਨੂੰ ਅਪੀਲ ਕੀਤੀ ਕਿ ਉਪ-ਕੁਲਪਤੀ ਵੱਲੋਂ ਭੇਜੇ ਗਏ ਉਸ ਪੱਤਰ ਨੂੰ ਵਾਪਸ ਭੇਜ ਕੇ ਚੋਣਾਂ ਐਲਾਨਣ ਦੇ ਹੁਕਮ ਦਿੱਤੇ ਜਾਣ ਤਾਂ ਜੋ ਯੂਨੀਵਰਸਿਟੀ ਵਿੱਚ ਲੋਕਤੰਤਰ ਦੀ ਬਹਾਲੀ ਕਰਵਾਈ ਜਾ ਸਕੇ।
ਇਸੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਕਾਰਜਕਾਰੀ ਰਜਿਸਟਰਾਰ ਵਿਕਰਮ ਨਈਅਰ ਨੇ ਦੱਸਿਆ ਕਿ ਕੋਵਿਡ-19 ਦੇ ਕਾਰਨ ਬਣੇ ਹਾਲਾਤਾਂ ਦੇ ਮੱਦੇਨਜ਼ਰ ਯੂ.ਟੀ. ਪ੍ਰਸ਼ਾਸਨ ਨੇ ਪੀਯੂ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਫਿਲਹਾਲ ਸੈਨੇਟ ਚੋਣਾਂ ਨਾ ਕਰਵਾਈਆਂ ਜਾਣ।