ਹਰਜੀਤ ਸਿੰਘ
ਡੇਰਾਬੱਸੀ, 30 ਜੁਲਾਈ
ਇਥੋਂ ਦੇ ਸਾਧੂ ਨਗਰ ਵਿੱਚ ਪਾਰਕ ਨੂੰ ਖੁਰਦ-ਬੁਰਦ ਕਰ ਕੇ ਇਕ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਕਲੋਨੀ ਵਾਸੀਆਂ ਵਿੱਚ ਭਾਰੀ ਰੋਸ ਹੈ।ਇਸ ਮੰਦਰ ਦੀ ਉਸਾਰੀ ਲਈ ਹਰੇ ਭਰੇ ਰੁੱਖਾਂ ਦੀ ਬਿਨਾਂ ਕਿਸੇ ਪ੍ਰਵਾਨਗੀ ਦੇ ਕਟਾਈ ਕੀਤੀ ਗਈ ਅਤੇ ਹੁਣ ਪਾਰਕ ਦੀ ਜ਼ਮੀਨ ਵਿੱਚ ਬਿਨਾਂ ਕਿਸੇ ਪ੍ਰਵਾਨਗੀ ਦੇ ਪਾਰਕ ਉਸਾਰਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਮੰਦਰ ਦਾ ਨੀਂਹ ਪੱਥਰ 31 ਜੁਲਾਈ ਨੂੰ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਰੱਖਣਗੇ, ਜਿਸ ਲਈ ਬਕਾਇਦਾ ਇਥੇ ਪ੍ਰੋਗਰਾਮ ਰੱਖਿਆ ਗਿਆ ਹੈ।
ਇਸ ਸਬੰਧੀ ਜ਼ੀਰਕਪੁਰ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਦੱਸਿਆ ਕਿ ਸਾਧੂ ਨਗਰ ਵਿੱਚ ਚਿਰਾਂ ਤੋਂ ਮਿਉਂਸਿਪਲ ਪਾਰਕ ਸਥਿਤ ਹੈ ਜਿਥੇ ਵੱਡੀ ਗਿਣਤੀ ਲੋਕ ਸੈਰ ਕਰਦੇ ਹਨ। ਲੰਘੇ ਕੁਝ ਦਿਨਾਂ ਤੋਂ ਪਾਰਕ ਬਾਹਰ ਲੱਗੇ ਰੁਖਾਂ ਨੂੰ ਵੱਢ ਕੇ ਇਥੇ ਮੰਦਰ ਦੀ ਉਸਾਰੀ ਲਈ ਥਾਂ ਸਾਫ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਵੀ ਕੀਤੀ ਗਈ ਹੈ ਪਰ ਸੱਤਾਧਾਰੀ ਆਗੂਆਂ ਦੀ ਸ਼ਮੂਲੀਅਤ ਹੋਣ ਕਾਰਨ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੇ। ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਪਾਰਕ ਸ਼ਹਿਰ ਦਾ ਇਕਲੌਤਾ ਪਾਰਕ ਹੈ, ਜਿਸ ਨੂੰ ਵੀ ਖੁਰਦ ਬੁਰਦ ਕਰਕੇ ਇਥੇ ਮੰਦਰ ਉਸਾਰਿਆ ਜਾ ਰਿਹਾ ਹੈ। ਜਦਕਿ ਇ ਸਦੇ ਨਾਲ ਹੀ ਕਾਫੀ ਵੱਡਾ ਮੰਦਰ ਪਹਿਲਾਂ ਤੋਂ ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮੰਦਰ ਲਈ ਕੋਈ ਹੋਰ ਥਾਂ ਦਿੱਤੀ ਜਾ ਸਕਦੀ ਹੈ।
ਉਧਰ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ ਨੇ ਪਾਰਕ ਦੀ ਥਾਂ ’ਤੇ ਮੰਦਰ ਦੀ ਉਸਾਰੀ ਅਤੇ ਦਰੱਖ਼ਤ ਵੱਢਣ ਬਾਰੇ ਕੋਈ ਵੀ ਜਾਣਕਾਰੀ ਨਾ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਜਾਂਚ ਕਰਕੇ ਨਾਜਾਇਜ਼ ਉਸਾਰੀ ਰੋਕੀ ਜਾਏਗੀ।