ਬਲਵਿੰਦਰ ਰੈਤ
ਨੂਰਪੁਰ ਬੇਦੀ, 6 ਜਨਵਰੀ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਵਿੱਚੋਂ ਵੱਡੀ ਗਿਣਤੀ ਜਥੇ ਦਿੱਲੀ ਜਾ ਰਹੇ ਹਨ। ਇਸੇ ਲੜੀ ਤਹਿਤ ਨਗਰ ਭਨੂੰਹਾਂ ਤੋਂ ਦਿੱਲੀ ਮੋਰਚੇ ਲਈ ਕਿਸਾਨਾਂ ਦਾ ਜਥਾ ਰਵਾਨਾ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਸਿੰਘ ਸਰਪੰਚ ਪਿੰਡ ਭਨੂੰਹਾਂ ਨੇ ਦੱਸਿਆ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਅਸਰ ਹਰ ਵਰਗ ’ਤੇ ਪਵੇਗਾ ਕਿਉਂਕਿ ਅੰਨ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਵੱਡੀ ਗਿਣਤੀ ਲੋਕ ਰੋਟੀ ਨੂੰ ਤਰਸਣਗੇ। ਕਿਸਾਨਾਂ ਦੀ ਜ਼ਮੀਨ ’ਤੇ ਕਾਰਪੋਰੇਟ ਘਰਾਣੇ ਕਾਬਜ਼ ਹੋ ਜਾਣਗੇ ਜਿਸ ਨਾਲ ਕੁਝ ਪੂੰਜੀਵਾਦੀ ਹੋਰ ਅਮੀਰ ਹੋ ਜਾਣਗੇ ਤੇ ਕਿਸਾਨ ਤੇ ਖੇਤੀ ਮਜ਼ਦੂਰ ਭੁੱਖੇ ਮਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਾਪਸ ਹੋਣ ਤਕ ਕਿਸਾਨ ਦਿੱਲੀ ਮੋਰਚੇ ’ਤੇ ਡਟੇ ਰਹਿਣਗੇ। ਇਸ ਮੌਕੇ ਨਗਰ ਵਾਸੀਆਂ ਨੇ ਜਥਾ ਰਵਾਨਾ ਕੀਤਾ। ਇਸ ਮੌਕੇ ਜੁਝਾਰ ਸਿੰਘ, ਛੋਟਾ ਭਨੂਹਾਂ, ਲੰਬੜਦਾਰ ਬਲਦੇਵ ਸਿੰਘ, ਨਰੇਸ਼ ਸਿੰਘ, ਨਿਰਮਲ ਸਿੰਘ, ਕਿਸ਼ੋਰ ਭਾਟੀਆ ਆਦਿ ਹਾਜ਼ਰ ਸਨ।
ਮੀਂਹ ਵਿਚ ਵੀ ਧਰਨੇ ’ਤੇ ਡਟੇ ਕਿਸਾਨ
ਪੰਚਕੂਲਾ (ਪੀਪੀ ਵਰਮਾ): ਬਰਵਾਲਾ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਅਗਵਾਈ ਵਿਚ ਨੱਗਲ ਟੌਲ ਪਲਾਜ਼ਾ ਨੂੰ ਆਵਾਜਾਈ ਲਈ ਟੌਲ ਫ੍ਰੀ ਰੱਖਿਆ। ਅੱਜ ਭਾਵੇਂ ਮੀਂਹ ਵੀ ਪੈਂਦਾ ਰਿਹਾ ਪਰ ਫਿਰ ਵੀ ਕਿਸਾਨਾਂ ਦਾ ਅੰਦਲੋਨ ਜਾਰੀ ਰਿਹਾ। ਇਸ ਦੌਰਾਨ ਕਿਸਾਨ ਯੂਨੀਅਨ ਦੇ ਆਗੂਆਂ ਨੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਨਾ ਲੈਣ ’ਤੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਅੰਦੋਲਨ ਤਦ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ।
ਚੰਡੀਮੰਦਰ ਟੌਲ ਪਲਾਜ਼ਾ ’ਤੇ ਕਿਸਾਨਾਂ ਵੱਲੋਂ ਟਰੈਕਟਰ ਰੈਲੀ
ਪੰਚਕੂਲਾ: ਪਿਛਲੇ 13 ਦਿਨਾਂ ਤੋਂ ਚੰਡੀਮੰਦਰ ਟੌਲ ਪਲਾਜ਼ਾ ’ਤੇ ਧਰਨਾ ਦੇ ਰਹੇ ਕਿਸਾਨਾਂ ਨੇ ਅੱਜ 150 ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਦੋ ਦਰਜਨ ਤੋਂ ਵੱਧ ਆਸ-ਪਾਸ ਪਿੰਡਾਂ ਵਿੱਚ ਰੈਲੀ ਕੱਢੀ। ਇਹ ਟਰੈਕਟਰ ਰੈਲੀ ਪਿੰਡ, ਪਪਲੋਹਾ, ਪਿੰਡ ਸੁੱਖੋ ਮਾਜਰੀ, ਪਿੰਡ ਜੱਟਾਂ ਮਾਜਰੀ, ਪਿੰਡ ਗਰੀੜਾ ਜੱਟਾਂ, ਪਿੰਜੌਰ, ਪਿੰਡ ਖੇੜਾਂਵਾਲੀ ਤੋਂ ਇਲਾਵਾ ਕਈ ਹੋਰ ਪਿੰਡਾਂ ਵਿੱਚ ਵੀ ਕੱਢੀ ਗਈ ਤੇ ਰੈਲੀ ਚੰਡੀਮੰਦਰ ਟੌਲ ਪਲਾਜ਼ਾ ’ਤੇ ਖ਼ਤਮ ਹੋਈ। ਇਸ ਦੌਰਾਨ ਕਿਸਾਨ ਆਗੂ ਕਰਮ ਸਿੰਘ, ਜਰਨੈਲ ਸਿੰਘ, ਭੀਮ ਸਿੰਘ, ਮਲਕੀਤ ਸਿੰਘ, ਹਰਸ਼ ਚੱਢਾ, ਸੁਰਿੰਦਰ ਸਿੰਘ ਅਤੇ ਮਾਨ ਸਿੰਘ ਨੇ ਸੰਬੋਧਨ ਕੀਤਾ। ਬੀਤੇ 13 ਦਿਨਾਂ ਤੋਂ ਚੰਡੀਮੰਦਰ ਟੌਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਤੋਂ ਪੈਸੇ ਨਹੀਂ ਲੈਣ ਦਿੱਤੇ ਜਾ ਰਹੇ ਸਾਰੇ ਵਾਹਨ ਇਥੋਂ ਬਿਨਾਂ ਪੈਸੇ ਦਿੱਤੇ ਲੰਘ ਰਹੇ ਹਨ।