ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 27 ਫਰਵਰੀ
ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ’ਚ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਵੱਲੋਂ ਅੱਜ ਪੋਲੀਓ ਰੋਕੂ ਬੂੁੰਦਾਂ ਪਿਆਉਣ ਦੀ ਮੁਹਿੰਮ ਸ਼ੁਰੂ ਕਰਵਾਈ ਗਈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਅੱਜ 54,810 ਬੱਚਿਆਂ ਵਿੱਚੋ 26,758 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ 49 ਫ਼ੀਸਦੀ ਟੀਚਾ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਬਾਕੀ ਰਹਿੰਦੇ ਬਚਿਆਂ ਨੂੰ ਅਗਲੇ 2 ਦਿਨਾਂ ਵਿਚ ਕਵਰ ਕੀਤਾ ਜਾਵੇਗਾ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪੀਐੱਚਸੀ ਬੂਥਗੜ੍ਹ ਦੀ ਐੱਸਐੱਮਓ ਡਾ. ਅਲਕਜੋਤ ਕੌਰ ਦੀ ਨਿਗਰਾਨੀ ਹੇੇਠ ਅੱਜ ਨਿਊ ਚੰਡੀਗੜ੍ਹ ਦੇ ਓਮੈਕਸ ਸਮੇਤ ਪਿੰਡਾਂ ਪੜੌਲ, ਭੜੌਜੀਆਂ, ਰਾਣੀ ਮਾਜਰਾ, ਸੈਣੀਮਾਜਰਾ, ਪਲਹੇੜੀ, ਮੁੱਲਾਂਪੁਰ ਗਰੀਬਦਾਸ, ਜੈਯੰਤੀ ਮਾਜਰੀ ਅਤੇ ਨਵਾਂ ਗਾਉਂ ਤੇ ਕਾਂਸਲ ਇਲਾਕੇ ਦੇ ਹੈਲਥ ਸੈਂਟਰਾਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਵੱਡੀ ਗਿਣਤੀ ਬੱਚਿਆਂ ਨੂੰ ਤਿੰਨ ਰੋਜ਼ਾ ਤੱਕ ਚੱਲਣ ਵਾਲੀ ਨੈਸ਼ਨਲ ਇਮੂਨਾਈਜੇਸ਼ਨ ਡੇਅ ਮੁਹਿੰਮ ਤਹਿਤ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਕੀਤੀ ਗਈ। ਨੋਡਲ ਅਫ਼ਸਰ ਡਾ. ਸਿਮਨ ਢਿੱਲੋਂ ਅਨੁਸਾਰ ਮੁਹਿੰਮ ਲਈ ਟੀਮਾਂ ਬਣਾਈਆਂ ਗਈਆਂ ਹਨ ਤੇ ਦਸ ਸੁਪਰਵਾਈਜ਼ਰ ਮੁਹਿੰਮ ’ਤੇ ਧਿਆਨ ਰੱਖਣਗੇ ਤਾਂ ਕਿ ਕੋਈ ਵੀ ਬੱਚਾ ਦਵਾਈ ਤੋਂ ਵਾਂਝਾ ਨਾ ਰਹਿ ਜਾਵੇ।