ਕੁਲਦੀਪ ਸਿੰਘ
ਚੰਡੀਗੜ੍ਹ, 23 ਅਗਸਤ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ ਅੱਜ ਕਰ ਦਿੱਤਾ ਗਿਆ ਹੈ। ਇਸ ਸਬੰਧੀ ਚੋਣ ਜ਼ਾਬਤਾ ਵੀ ਅੱਜ ਤੋਂ ਹੀ ਲਾਗੂ ਕਰ ਦਿੱਤਾ ਗਿਆ ਹੈ। ਉਕਤ ਐਲਾਨ ਕਰਦਿਆਂ ਅੱਜ ਇੱਥੇ ਡੀਨ (ਵਿਦਿਆਰਥੀ ਭਲਾਈ) ਅਮਿਤ ਚੌਹਾਨ ਨੇ ਦੱਸਿਆ ਕਿ ਚੋਣ 5 ਸਤੰਬਰ ਨੂੰ ਕਰਵਾਈ ਜਾਵੇਗੀ। ਨਾਮਜ਼ਦਗੀ ਭਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਜਨਮ ਮਿਤੀ ਦੀ ਤਸਦੀਕ ਲਈ ਆਪਣੇ ਮੂਲ ਪ੍ਰਮਾਣ ਪੱਤਰਾਂ (ਕਿਸੇ ਵੀ ਭਾਰਤੀ ਯੂਨੀਵਰਸਿਟੀ ਜਾਂ ਬੋਰਡ ਜਾਂ ਬਰਾਬਰ ਤੋਂ ਮੈਟ੍ਰਿਕ/ਹਾਇਰ ਸੈਕੰਡਰੀ) ਤਿਆਰ ਰੱਖਣ ਕਿਉਂਕਿ ਇਸ ਸਰਟੀਫਿਕੇਟ ਤੋਂ ਬਿਨਾਂ ਕੋਈ ਨਾਮਜ਼ਦਗੀ ਨਹੀਂ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕਿਸੇ ਵੀ ਜਥੇਬੰਦੀ ਨੂੰ ਚੋਣ ਪ੍ਰਚਾਰ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਿੰਟਿੰਗ ਸਮੱਗਰੀ ਵਰਤਣ ਦੀ ਇਜਾਜ਼ਤ ਨਹੀਂ ਹੋਵੇਗੀ, ਸਿਰਫ ਹੱਥ ਨਾਲ ਤਿਆਰ ਚੋਣ ਪ੍ਰਚਾਰ ਸਮੱਗਰੀ ਦੀ ਹੀ ਇਜਾਜ਼ਤ ਹੈ। ਹੱਥ ਲਿਖਤ ਸਮੱਗਰੀ ਦੇ ਫੋਟੋਸਟੈਟ ਦੀ ਵੀ ਇਜਾਜ਼ਤ ਨਹੀਂ ਹੈ। ਪ੍ਰਿੰਟ ਕੀਤੇ ਸਟਿੱਕਰਾਂ ਤੇ ਪੈਂਫਲੇਟਾਂ ਦੀ ਵਰਤੋਂ ਕਰਨ, ’ਵਰਸਿਟੀ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਲਈ ਜੁਰਮਾਨਾ ਲਗਾਇਆ ਜਾਵੇਗਾ। ਚੋਣ ਪ੍ਰਚਾਰ ਕਰਨ ਲਈ ਕਾਰ ਰੈਲੀਆਂ ਉੱਤੇ ਵੀ ਪਾਬੰਦੀ ਲਗਾਈ ਗਈ ਹੈ ਅਤੇ ਕੋਈ ਵਿਰੋਧ ਪ੍ਰਦਰਸ਼ਨ ਵੀ ਨਹੀਂ ਕੀਤਾ ਜਾ ਸਕੇਗਾ। ਡੀਐੱਸਡਬਲਿਊ ਅਤੇ ਚੰਡੀਗੜ੍ਹ ਪੁਲੀਸ ਦੀ ਅਗਾਊਂ ਮਨਜ਼ੂਰੀ ਤੋਂ ਬਿਨਾ ਜਲੂਸ ਤੇ ਰੈਲੀਆਂ ਦੀ ਇਜਾਜ਼ਤ ਨਹੀਂ ਹੋਵੇਗੀ। ਚੋਣ ਲੜਨ ਵਾਲੇ ਉਮੀਦਵਾਰਾਂ ਲਈ 75 ਫੀਸਦ ਹਾਜ਼ਰੀ ਲਾਜ਼ਮੀ ਹੈ। ਕੈਂਪਸ ਵਿੱਚ ਬਾਹਰੀ ਲੋਕਾਂ ਦੇ ਦਾਖਲੇ ਦੀ ਆਗਿਆ ਨਹੀਂ ਹੈ। ਪ੍ਰਚਾਰ ਲਈ ਲਾਊਡ ਸਪੀਕਰਾਂ ਅਤੇ ਵਾਹਨਾਂ ਦੀ ਵਰਤੋਂ ਅਤੇ ਚੋਣਾਂ ਦੌਰਾਨ ਹੋਸਟਲਾਂ ਵਿੱਚ ਮਹਿਮਾਨਾਂ ਦੇ ਠਹਿਰਨ ’ਤੇ ਵੀ ਪਾਬੰਦੀ ਹੈ।
ਚੋਣਾਂ ਦਾ ਸਾਰਾ ਸ਼ਡਿਊਲ ਵੀ ਜਾਰੀ ਕੀਤਾ
ਚੋਣਾਂ ਲਈ ਸ਼ਡਿਊਲ ਜਾਰੀ ਕਰਦਿਆਂ ਡੀਐੱਸਡਬਲਿਊ ਨੇ ਦੱਸਿਆ ਕਿ 29 ਅਗਸਤ ਨੂੰ ਸਵੇਰੇ 9.30 ਵਜੇ ਤੋਂ 10.30 ਤੱਕ ਨਾਮਜ਼ਦਗੀਆਂ ਭਰੀਆਂ ਜਾ ਸਕਣਗੀਆਂ ਅਤੇ ਉਸੇ ਦਿਨ 10.35 ਵਜੇ ਕਾਗਜ਼ਾਂ ਦੀ ਜਾਂਚ ਪੜਤਾਲ ਹੋਵੇਗੀ। 12 ਵਜੇ ਉਮੀਦਵਾਰਾਂ ਦੇ ਨਾਮਾਂ ਦੀ ਸੂਚੀ ਸਬੰਧਤ ਵਿਭਾਗਾਂ ਵਿੱਚ ਚਿਪਕਾ ਦਿੱਤੀ ਜਾਵੇਗੀ। ਇਤਰਾਜ਼ਾਂ ਆਦਿ ਉੱਤੇ ਕਾਰਵਾਈ ਕਰਨ ਉਪਰੰਤ 30 ਅਗਸਤ ਨੂੰ ਯੋਗ ਉਮੀਦਵਾਰਾਂ ਦੀਆਂ ਸੂਚੀਆਂ ਚਿਪਕਾ ਦਿੱਤੀਆਂ ਜਾਣਗੀਆਂ ਅਤੇ ਉਸੇ ਦਿਨ 10.30 ਵਜੇ ਤੋਂ 12.30 ਵਜੇ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ। ਉਸੇ ਦਿਨ ਬਾਅਦ ਦੁਪਹਿਰ 2.30 ਵਜੇ ਉਮੀਦਵਾਰਾਂ ਦੀ ਫਾਈਨਲ ਸੂਚੀ ਚਿਪਕਾ ਦਿੱਤੀ ਜਾਵੇਗੀ। ਇਹ ਸਾਰੀ ਪ੍ਰਕਿਰਿਆ ਪੂਰੀ ਹੋਣ ਉਪਰੰਤ 5 ਸਤੰਬਰ ਨੂੰ ਵੋਟਿੰਗ ਕਰਵਾਈ ਜਾਵੇਗੀ ਅਤੇ ਉਸੇ ਦਿਨ ਬਾਅਦ ਦੁਪਹਿਰ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ।
ਐੱਨਐੱਸਯੂਆਈ ਵੱਲੋਂ ਗਾਂਧੀਵਾਦੀ ਵਿਚਾਰਧਾਰਾ ਅਪਣਾਉਣ ਦਾ ਹੋਕਾ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਗਾਂਧੀਵਾਦੀ ਵਿਚਾਰਧਾਰਾ ਅਪਨਾਉਣ ਦਾ ਸੱਦਾ ਦਿੱਤਾ ਗਿਆ। ਸਟੂਡੈਂਟਸ ਸੈਂਟਰ ਵਿੱਚ ਚੰਡੀਗੜ੍ਹ ਇਕਾਈ ਦੇ ਇੰਚਾਰਜ ਦਲੀਪ ਚੌਧਰੀ ਅਤੇ ਐੱਨਐੱਸਯੂਆਈ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਸਿਕੰਦਰ ਬੂੜਾ ਦੀ ਅਗਵਾਈ ਹੇਠ ਇੱਕ ਅਹਿਮ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਬੁੁੱਕਮਾਰਕ ਵੰਡਦੇ ਹੋਏ ਜਥੇਬੰਦੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਮੀਡੀਆ ਨੂੰ ਸੰਬੋਧਨ ਕਰਦਿਆਂ ਸਿਕੰਦਰ ਬੂਰਾ ਨੇ ਵਿਦਿਆਰਥੀਆਂ ਵਿੱਚ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਭਾਜਪਾ ਤੇ ਇਸ ਦੇ ਵਿਦਿਆਰਥੀ ਵਿੰਗ ਏਬੀਵੀਪੀ ’ਤੇ ਵੰਡਪਾਊ ਏਜੰਡਾ ਫੈਲਾਉਣ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਐੱਨਐੱਸਯੂਆਈ ਰਾਹੁਲ ਗਾਂਧੀ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ ਜੋ ਕਿ ਸਾਰਿਆਂ ਲਈ ਏਕਤਾ, ਸਮਾਜਿਕ ਨਿਆਂ ਅਤੇ ਬਰਾਬਰੀ ’ਤੇ ਜ਼ੋਰ ਦਿੰਦੀ ਹੈ।