ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 26 ਜੁਲਾਈ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਨਿਸ਼ਾਨੇਬਾਜ਼ਾਂ ਨੇ ਕੌਮਾਂਤਰੀ ਪੱਧਰ ਉਤੇ ਵੱਡਾ ਨਾਮਣਾ ਖੱਟਿਆ ਹੈ ਤੇ ਸੂਬੇ ਨੂੰ ਨਿਸ਼ਾਨੇਬਾਜ਼ੀ ਦਾ ਧੁਰਾ ਬਣਾਇਆ ਜਾਵੇਗਾ। ਉਹ ਅੱਜ ਇੱਥੋਂ ਦੇ ਫੇਜ਼ ਛੇ ਸਥਿਤ ਸਰਕਾਰੀ ਸ਼ੂਟਿੰਗ ਰੇਂਜ ਦਾ ਜਾਇਜ਼ਾ ਲੈਣ ਪਹੁੰਚੇ ਸਨ। ਉਨ੍ਹਾਂ ਨਾਲ ਵਿਸ਼ਵ ਕੱਪ ਵਿੱਚ ਤਗ਼ਮੇ ਜਿੱਤਣ ਵਾਲੇ ਪੰਜਾਬ ਦੇ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਅਤੇ ਅਰਜੁਨ ਬਬੂਟਾ ਤੇ ਖੇਡ ਵਿਭਾਗ ਦੇ ਡਾਇਰੈਕਟਰ ਰਾਜੇਸ਼ ਧੀਮਾਨ ਹਾਜ਼ਰ ਸਨ। ਖੇਡ ਮੰਤਰੀ ਨੇ ਨਿਸ਼ਾਨੇਬਾਜ਼ਾਂ ਤੋਂ ਰੇਂਜ ਦੀਆਂ ਘਾਟਾਂ ਅਤੇ ਲੋੜਾਂ ਸਬੰਧੀ ਸੁਝਾਅ ਪੁੱਛੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚਲੀਆਂ ਸ਼ੂਟਿੰਗ ਰੇਂਜਾਂ ਦੀ ਹਾਲਤ ਸੁਧਾਰਨ ਤੇ ਉਨ੍ਹਾਂ ਦਾ ਨਵੀਂਨੀਕਰਨ ਕਰਨ ਲਈ ਮੁੱਖ ਮੰਤਰੀ ਨੇ 6 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਰਾਜ ਦੇ ਨਿਸ਼ਾਨੇਬਾਜ਼ਾਂ ਨਾਲ ਮੀਟਿੰਗ ਕਰਕੇ ਪੰਜਾਬ ਵਿੱਚ ਨਿਸ਼ਾਨੇਬਾਜ਼ੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਵਿਚਾਰਾਂ ਕੀਤੀਆਂ ਹਨ। ਸ੍ਰੀ ਮੀਤ ਹੇਅਰ ਨੇ ਖੇਡ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਰੇਂਜ ਅੰਦਰ ਪੰਜਾਬ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ਦੀਆਂ ਤਸਵੀਰਾਂ ਲਗਾਈਆਂ ਜਾਣ ਤਾਂ ਜੋ ਨਵੀਂ ਪੀੜ੍ਹੀ ਇਨ੍ਹਾਂ ਖਿਡਾਰੀਆਂ ਤੋਂ ਪ੍ਰੇਰਨਾ ਲੈ ਸਕੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ, ਨਿਸ਼ਾਨੇਬਾਜ਼ੀ ਕੋਚ ਸੁਪ੍ਰੀਤ ਧਾਲੀਵਾਲ ਤੇ ਅੰਕੁਸ਼ ਭਾਰਦਵਾਜ ਵੀ ਹਾਜ਼ਰ ਸਨ।