ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਜਨਵਰੀ
ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸ਼ੌਰਿਆ ਚੱਕਰ ਵਿਜੇਤਾ) ਸਰਕਾਰੀ ਕਾਲਜ ਫੇਜ਼-6 ਵਿੱਚ ਸੂਬਾ ਪੱਧਰੀ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ ਸੰਵਿਧਾਨ ਦੇ ਮੂਲ ਤੱਤਾਂ ਦੀ ਪ੍ਰਤੱਖ ਰੂਪ ਵਿੱਚ ਪਾਲਣਾ ਕਰਨ ਦੀ ਸਹੁੰ ਚੁੱਕਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੰਵਿਧਾਨਕ ਕਦਰਾਂ-ਕੀਮਤਾਂ ’ਤੇ ਚੱਲ ਕੇ ਹੀ ਦੇਸ਼ ਤਰੱਕੀ ਕਰ ਸਕਦਾ ਹੈ।
ਰਾਜਪਾਲ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਪੰਜਾਬ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਅਨੇਕਾਂ ਵਾਰ ਪੰਜਾਬ ਨੂੰ ਹਮਲਾਵਰਾਂ ਨੇ ਠੇਸ ਪਹੁੰਚਾਈ ਪਰ ਹਰ ਵਾਰ ਪੰਜਾਬ ਦੇ ਬਹਾਦਰ ਪੁੱਤਰਾਂ ਨੇ ਦੇਸ਼ ਦੀ ਰੱਖਿਆ ਕੀਤੀ। ਇਸੇ ਲਈ ਪੂਰਾ ਦੇਸ਼ ਪੰਜਾਬ ਦਾ ਲੋਹਾ ਮੰਨਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ ਤੇ ਪੈਗੰਬਰਾਂ ਅਤੇ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਅਤੇ ਸੁਖਦੇਵ ਵਰਗੇ ਸੂਰਬੀਰਾਂ ਦੀ ਧਰਤੀ ਹੈ। ਇਸ ਲਈ ਸੰਵਿਧਾਨ ਪ੍ਰਤੀ ਸਾਡੀ ਹੋਰ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਉਨ੍ਹਾਂ ਨੇ ਚੰਗੇ ਸਮਾਜ ਦੀ ਉਸਾਰੀ ਲਈ ਲੋਕਾਂ ਨੂੰ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਵਚਨਬੱਧ ਰਹਿਣ ਲਈ ਪ੍ਰੇਰਿਆ ਅਤੇ ਕਰੋਨਾ ਮਹਾਮਾਰੀ ਦੌਰਾਨ ਲੜਾਈ ’ਚ ਸੂਬੇ ਦੇ ਯੋਗਦਾਨ ਸ਼ਲਾਘਾ ਵੀ ਕੀਤੀ। ਇਸ ਪਹਿਲਾਂ ਰਾਜਪਾਲ ਪੁਰੋਹਿਤ ਨੇ ਏਐੱਸਪੀ ਡਾ. ਦਰਪਣ ਆਹਲੂਵਾਲੀਆ ਤੇ ਸਹਾਇਕ ਪਰੇਡ ਕਮਾਂਡਰ ਡੀਐਸਪੀ ਮੇਜਰ ਸੁਮੇਰ ਸਿੰਘ ਦੀ ਅਗਵਾਈ ਹੇਠ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਸਮੂਹ ਪਰੇਡ ਕਮਾਂਡਰਾਂ ਅਤੇ ਕਰੋਨਾ ਮਹਾਮਾਰੀ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਸਨਮਾਨ ਵੀ ਕੀਤਾ ਗਿਆ।
ਚੰਡੀਗੜ੍ਹ (ਟਨਸ): ਗਾਂਧੀ ਸਮਾਰਕ ਨਿਧੀ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਲੋਂ ਗਾਂਧੀ ਸਮਾਰਕ ਭਵਨ ਸੈਕਟਰ-16 ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਗਾਂਧੀ ਸਮਾਰਕ ਭਵਨ ਦੇ ਨਿਰਦੇਸ਼ਕ ਦੇਵ ਰਾਜ ਤਿਆਗੀ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਬੱਚਿਆਂ ਨੇ ਸੱਭਿਆਚਾਰ ਸਮਾਗਮ ਪੇਸ਼ ਕੀਤਾ।
ਚੰਡੀਗੜ੍ਹ (ਕੁਲਦੀਪ ਸਿੰਘ): ਪੰਜਾਬ ਯੂਨੀਵਰਸਿਟੀ (ਪੀਯੂ), ਚੰਡੀਗੜ੍ਹ ’ਚ ਗਣਤੰਤਰ ਦਿਵਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੇ ਪਰੇਡ ਗਰਾਊਂਡ ’ਚ ਝੰਡਾ ਲਹਿਰਾਇਆ। ਸਵਾਗਤੀ ਭਾਸ਼ਣ ਵਿੱਚ ਰਜਿਸਟਰਾਰ ਵਿਕਰਮ ਨਈਅਰ ਨੇ ਪ੍ਰੋ. ਰਾਜ ਕੁਮਾਰ ਦੀ ਯੋਗ ਅਗਵਾਈ ਦੀ ਪ੍ਰਸ਼ੰਸਾ ਕੀਤੀ। ਪ੍ਰੋਫ਼ੈਸਰ ਰਾਜ ਕੁਮਾਰ ਨੇ ਪੀ.ਯੂ. ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ।
ਡੇਰਾਬੱਸੀ/ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਸਬ ਡਿਵੀਜ਼ਨ ਡੇਰਾਬੱਸੀ ਵਿੱਚ ਸਰਕਾਰੀ ਕਾਲਜ ਵਿੱਚ ਸਮਾਗਮ ਮੌਕੇ ਮੁੱਖ ਮਹਿਮਾਨ ਐਸ.ਡੀ.ਐਮ. ਡੇਰਾਬੱਸੀ ਸਵਾਤੀ ਟਿਵਾਣਾ ਨੇ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਫਾਇਰ ਅਫਸਰ ਲਾਲੜੂ ਪ੍ਰਦੀਪ ਕੁਮਾਰ, ਸਿਵਲ ਹਸਪਤਾਲ ਦੀ ਐਸਐਮਓ ਡਾ. ਸੰਗੀਤਾ ਜੈਨ ਤੇ ਡੀਐਸਪੀ ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਦਾ ਸਨਮਾਨ ਕੀਤਾ ਗਿਆ।
ਮੰਡੀ ਗੋਬਿੰਦਗੜ੍ਹ (ਹਿਮਾਂਸ਼ੂ ਸੂਦ): ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਸੁਤੰਤਰਤਾ ਸੰਗਰਾਮੀ ਲਾਲ ਸਿੰਘ ਦੀ ਮੂਰਤੀ ’ਤੇ ਯੂਨੀਵਰਸਿਟੀ ਦੇ ਕੁਲਪਤੀ ਤੇ ਲਾਲ ਸਿੰਘ ਦੇ ਪੁੱਤਰ ਡਾ. ਜੋਰਾ ਸਿੰਘ ਨੇ ਫੁੱਲ ਮਾਲਾ ਚੜ੍ਹਾਈ। ਸਮਾਗਮ ਵਿੱਚ ਪੰਜਾਬ ਫੂਡ ਗ੍ਰੇਨ ਕਾਰਪੋਰੇਸ਼ਨ ਦੇ ਚੇਅਰਮੈਨ ਡਾ. ਅਜੇ ਕੁਮਾਰ ਨੇ ਝੰਡਾ ਲਹਿਰਾਇਆ।
ਅਮਲੋਹ (ਰਾਮ ਸਰਨ ਸੂਦ): ਐਸ.ਡੀ.ਐੱਮ. ਅਮਲੋਹ ਜੀਵਨਜੋਤ ਕੌਰ ਨੇ ਇੱਥੇ ਸਬ ਡਵੀਜ਼ਨ ਪੱਧਰੀ ਸਮਾਗਮ ਮੌਕੇ ਝੰਡਾ ਲਹਿਰਾਇਆ।
ਨੰਗਲ (ਰਾਕੇਸ਼ ਸੈੈਣੀ): ਸੀਨੀਅਰ ਸੈਕੰਡਰੀ ਸਕੂਲ ਨੰਗਲ (ਲੜਕਿਆਂ) ਵਿੱਚ ਤਹਿਸੀਲ ਪੱਧਰੀ ਸਮਾਗਮ ਮੌਕੇ ਤਹਿਸੀਲਦਾਰ ਨੰਗਲ ਵਿਕਾਸ ਸ਼ਰਮਾ ਨੇ ਤਿਰੰਗਾ ਲਹਿਰਾਇਆ। ਬੀਬੀਐੱਮਬੀ ਕ੍ਰਿਕਟ ਗਰਾਊਂਡ ਨੰਗਲ ਤੇ ਬਲਾਕ ਕਾਂਗਰਸ ਨੰਗਲ ਦੇ ਦਫਤਰ ’ਚ ਸਮਾਗਮ ਕੀਤੇ ਗਏ।
ਖਮਾਣੋਂ (ਜਗਜੀਤ ਸਿੰਘ): ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ’ਚ ਸਮਾਗਮ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ, ਜਿੱਥੇ ਸਪੋਰਟਸ ਡਾਇਰੈਕਟਰ ਤਰਲੋਚਨ ਸਿੰਘ ਡੋਗਰਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਿੱਖਿਆ ’ਚ ਸੁਧਾਰ ਅਤੇ ਚੰਡੀਗੜ੍ਹ ’ਚੋਂ ਕੂੜੇ ਦੀ ਸਮੱਸਿਆ ਖਤਮ ਕਰਨ ਦਾ ਟੀਚਾ: ਧਰਮਪਾਲ
ਚੰਡੀਗੜ੍ਹ (ਆਤਿਸ਼ ਗੁਪਤਾ): ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਹਕਾਰ ਧਰਮਪਾਲ ਨੇ ਕੌਮੀ ਝੰਡਾ ਲਹਿਰਾਇਆ ਹੈ। ਸਮਾਗਮ ਦੌਰਾਨ ਫਾਇਰ ਐਂਡ ਰੈਸਕਿਊ ਵਿੰਗ ਦੀ ਝਾਕੀ ਨੂੰ ਪਹਿਲਾ ਅਤੇ ਨਗਰ ਨਿਗਮ ਝਾਕੀ ਨੂੰ ਦੂਜਾ ਸਥਾਨ ਮਿਲਿਆ। ਸਮਾਗਮ ਦੌਰਾਨ ਵਧੀਆਂ ਸੇਵਾਵਾਂ ਨਿਭਾਉਣ ਲਈ ਸਲਾਹਕਾਰ ਵੱਲੋਂ 13 ਪੁਲੀਸ ਅਧਿਕਾਰੀਆਂ ਅਤੇ 32 ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਧਰਮਪਾਲ ਨੇ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਅਤੇ ਕੌਂਸਲਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਨਿਗਮ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹਿਰ ਨੂੰ ਵਿਕਾਸ ਦੇ ਰਾਹ ’ਤੇ ਤੋਰਿਆ ਜਾਵੇਗਾ। ਸਲਾਹਕਾਰ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਬੱਚਿਆਂ ਦੀ ਸਿੱਖਿਆ ਪ੍ਰਣਾਲੀ ’ਚ ਹੋਰ ਸੁਧਾਰ ਕਰਨ ਦੀਆਂ ਪੁਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਕਲੀਨ ਸਿਟੀ ਯੋਜਨਾ ਤਹਿਤ ਕੂੜੇ ਦੇ ਢੇਰ ਖਤਮ ਕਰਨ ਦੀਆਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰੀਨ ਸਿਟੀ ਪ੍ਰਾਜੈਕਟ ਤਹਿਤ ਚੰਡੀਗੜ੍ਹ ਨੂੰ ਮਾਡਲ ਸੋਲਰ ਸਿਟੀ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਪ੍ਰਸ਼ਾਸਨ ਨੇ 47 ਮੈਗਾਵਾਟ ਦੇ 3841 ਥਾਵਾਂ ’ਤੇ ਸੋਲਰ ਪਲਾਂਟ ਲਾਏ ਗਏ ਹਨ, ਜਿਸ ਨੂੰ ਸਾਲ 2023 ਤੱਕ ਵਧਾ ਕੇ 75 ਮੈਗਾਵਾਟ ਕਰ ਦਿੱਤਾ ਜਾਵੇਗਾ।
ਮੇਅਰ ਨੇ ਨਗਰ ਨਿਗਮ ਭਵਨ ’ਚ ਲਹਿਰਾਇਆ ਤਿਰੰਗਾ
ਚੰਡੀਗੜ੍ਹ (ਮੁਕੇਸ਼ ਕੁਮਾਰ): ਨਗਰ ਨਿਗਮ ਭਵਨ ਵਿੱਚ ਗਣਤੰਤਰ ਦਿਵਸ ਸਮਾਗਮ ਦੌਰਾਨ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਮੇਅਰ ਸਰਬਜੀਤ ਕੌਰ ਨੇ ਸ਼ਲਾਘਾਯੋਗ ਕਾਰਜਾਂ ਲਈ ਨਗਰ ਨਿਗਮ ਕਰਮਚਾਰੀਆਂ ਅਤੇ ਸ਼ਹਿਰ ਵਿੱਚ ਸਮਾਜ ਭਲਾਈ ਸਮੇਤ ਹੋਰ ਵਿਲੱਖਣ ਕਾਰਜਾਂ ਲਈ ਸਮਾਜਿਕ ਸੰਗਠਨ ਤੇ ਨਾਗਰਿਕਾਂ ਨੂੰ ਸਨਮਾਨਿਤ ਕੀਤਾ।