ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 8 ਅਕਤੂਬਰ
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਹੁਣ ਤੱਕ ਅੰਦਾਜ਼ਨ 54,812 ਮੀਟਰਿਕ ਟਨ ਝੋਨਾ ਦੀ ਆਮਦ ਹੋਈ ਹੈ, ਜਿਸ ’ਚੋਂ 51,063 ਮੀਟਰਿਕ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਅੱਜ ਇੱਥੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਖ਼ਰੀਦਣ ਅਤੇ ਲਿਫ਼ਟਿੰਗ ਤੇ ਸੁਰੱਖਿਅਤ ਭੰਡਾਰਨ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਖ਼ਰੀਦੀ ਗਈ ਫ਼ਸਲ 72 ਘੰਟੇ ਦੇ ਅੰਦਰ-ਅੰਦਰ ਚੁੱਕ ਕੇ ਭੰਡਾਰ ਕਰਨ ਵਾਲੀ ਥਾਂ ’ਤੇ ਲਿਜਾਉਣ ਲਈ ਸਰਕਾਰ ਵੱਲੋਂ ਲੇਬਰ, ਲੇਬਰ-ਕਾਰਟੇਜ, ਟਰਾਂਸਪੋਰਟੇਸ਼ਨ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਮੂਹ ਖ਼ਰੀਦ ਏਜੰਸੀਆਂ ਵੱਲੋਂ ਫ਼ਸਲ ਦੇ ਐੱਮਐੱਸਪੀ (ਘੱਟੋ-ਘੱਟ ਸਮਰਥਨ ਮੁੱਲ) ਦੀ 100 ਫੀਸਦੀ ਅਦਾਇਗੀ, ਜੋ ਕਿ 98.43 ਕਰੋੜ ਬਣਦੀ ਹੈ, 24 ਘੰਟੇ ਦੇ ਵਿੱਚ-ਵਿੱਚ ਸਿੱਧੇ ਤੌਰ ’ਤੇ ਕਿਸਾਨਾਂ ਦੇ ਖਾਤਿਆਂ ਵਿੱਚ ਕਰ ਦਿੱਤੀ ਗਈ ਹੈ। ਜ਼ਿਲ੍ਹਾ ਫੂਲ ਸਪਲਾਈ ਕੰਟਰੋਲਰ ਡਾ. ਨਵਰੀਤ ਨੇ ਦੱਸਿਆ ਕਿ ਪੰਜ ਮੰਡੀਆਂ ਸਨੇਟਾ, ਦਾਊਂਮਾਜਰਾ, ਅਮਲਾਲਾ, ਟਵਿਾਣਾ ਅਤੇ ਕੱਚੀ ਮੰਡੀ ਕੁਰਾਲੀ ਵਿੱਚ ਮੰਡੀ ਬੋਰਡ ਵੱਲੋਂ ਤਜਰਬੇ (ਪਾਇਲਟ ਪ੍ਰਾਜੈਕਟ) ਦੇ ਆਧਾਰ ’ਤੇ ਬਾਇਓਮੀਟਰਿਕ ਖ਼ਰੀਦ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਪੰਜ ਮੰਡੀਆਂ ਵਿੱਚ ਕਿਸਾਨਾਂ ਦੀ ਬਾਇਓਮੀਟਰਿਕ ਪਛਾਣ ਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਹੀ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ।