ਸੁਰਜਾ ਸਿੰਘ ਦੇ ਪ੍ਰਧਾਨ ਹੁੰਦਿਆਂ ਮਾਸਟਰ ਮਹਿੰਦਰ ਸਿੰਘ ਵੀ ਬਣੇ ਪ੍ਰਧਾਨ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 6 ਸਤੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਪਾਲ ਸਿੰਘ ਮਛੌਂਡਾ ਨੇ ਕਿਹਾ ਕਿ ਗੁਰਦੁਆਰਾ ਲਖਨੌਰ ਸਾਹਿਬ ਦੇ ਪ੍ਰਧਾਨ ਜਥੇਦਾਰ ਨਿਰੰਜਨ ਸਿੰਘ ਦੇ 27 ਅਪਰੈਲ 2021 ਨੂੰ ਹੋਏ ਦੇਹਾਂਤ ਤੋਂ ਬਾਅਦ ਉਪ ਪ੍ਰਧਾਨ ਜਥੇਦਾਰ ਸੁਰਜਾ ਸਿੰਘ ਮਟੇੜੀ ਜੱਟਾਂ ਨੂੰ ਸਹਿਮਤੀ ਨਾਲ ਸ਼੍ਰੋਮਣੀ ਕਮੇਟੀ ਦੇ 18 ਜੂਨ 2021 ਦੇ ਮਤਾ ਨੰਬਰ 583 ਦੇ ਆਦੇਸ਼ ਅਨੁਸਾਰ ਗੁਰਦੁਆਰਾ ਕਮੇਟੀ ਦੇ ਚਹੁੰਆਂ ਮੈਂਬਰਾਂ ਕੁਲਬੀਰ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ, ਮੀਤ ਪ੍ਰਧਾਨ ਸੁਰਜਾ ਸਿੰਘ ਅਤੇ ਉਨ੍ਹਾਂ (ਮਛੌਂਡਾ) ਦੀ ਮੌਜੂਦਗੀ ਵਿਚ 27 ਜੂਨ ਨੂੰ ਪਤਾ ਪਾ ਕੇ ਸੁਰਜਾ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਪਰ ਹੁਣ ਬਿਨਾਂ ਨਿਯਮਾਂ ਦੇ ਜ਼ਬਰਦਸਤੀ ਮਾਸਟਰ ਮਹਿੰਦਰ ਸਿੰਘ ਕਮੇਟੀ ਦਾ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। 4 ਸਤੰਬਰ ਨੂੰ ਕਥਿਤ ਤੌਰ ’ਤੇ ਕਾਰਵਾਈ ਰਜਿਸਟਰ ਵੀ ਲੈ ਗਿਆ। ਮਹਿੰਦਰ ਸਿੰਘ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਜਾਣਾ ਨਿਯਮਾਂ ਦੇ ਉਲਟ ਹੈ।
ਮੋਹਨ ਸਿੰਘ ਭਾਨੋਖੇੜੀ ਨੇ ਕਿਹਾ ਕਿ ਜੇ ਮਹਿੰਦਰ ਸਿੰਘ ਨੂੰ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਨਾਲ ਤਣਾਅ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਮਛੌਂਡਾ ਨੇ ਕਿਹਾ ਕਿ ਜੇ ਮਹਿੰਦਰ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਹ ਇਸ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਕੋਲ ਲੈ ਕੇ ਜਾਣਗੇ ਅਤੇ ਲੋੜ ਪਈ ਤਾਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਗੇ।
ਇਸ ਮਾਮਲੇ ਬਾਰੇ ਜਦੋਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਦੀਪ ਸਿੰਘ ਭਾਨੋਖੇੜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੁਰਜਾ ਸਿੰਘ ਨੂੰ ਅਗਲੀ ਚੋਣ ਤੱਕ ਕੇਵਲ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਅਤੇ ਮਹਿੰਦਰ ਸਿੰਘ ਨੂੰ ਕਮੇਟੀ ਦੇ ਚਾਰ ਮੈਂਬਰਾਂ ਵਿਚੋਂ ਤਿੰਨ ਦੀ ਸਹਿਮਤੀ ਨਾਲ 4 ਸਤੰਬਰ ਨੂੰ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਉਸ ਦਿਨ ਸ਼੍ਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਤੋਂ ਇੰਸਪੈਕਟਰ ਨਹੀਂ ਪਹੁੰਚ ਸਕਿਆ ਅਤੇ ਹੁਣ ਮਹਿੰਦਰ ਸਿੰਘ ਦੀ ਪ੍ਰਧਾਨਗੀ ਦੀ ਪ੍ਰਵਾਨਗੀ ਲਈ ਸ਼੍ਰੋਮਣੀ ਕਮੇਟੀ ਨੂੰ ਲਿਖ ਦਿੱਤਾ ਗਿਆ ਹੈ।