ਹਰਜੀਤ ਸਿੰਘ
ਡੇਰਾਬੱਸੀ 24 ਮਾਰਚ
ਇਥੋਂ ਦੀ ਬਰਵਾਲਾ ਸੜਕ ’ਤੇ ਲੰਘੀ ਰਾਤ ਪੈਟਰੋਲ ਪੰਪ ਮਾਲਕਾਂ ਅਤੇ ਨੇੜੇ ਵਸੀ ਝੁੱਗੀ-ਝੌਪੜੀਆਂ ਦੇ ਵਸਨੀਕਾਂ ਵਿਚਾਲੇ ਬਿਜਲੀ ਦੀ ਤਾਰ ਵਿੱਚ ਕੁੰਡੀ ਪਾਉਣ ਨੂੰ ਲੈ ਕੇ ਝੜਪ ਹੋ ਗਈ ਤੇ ਦੋਵਾਂ ਧਿਰਾਂ ਦੇ ਪੰਜ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਪੈਟਰੋਲ ਪੰਪ ਮਾਲਕ ਅਤੇ ਝੁੱਗੀਆਂ ਦੇ ਚਾਰ ਵਸਨੀਕ ਸ਼ਾਮਲ ਹਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਕ ਝੁੱਗੀ ਵਾਸੀ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਝਗੜੇ ਵਿੱਚ ਜ਼ਖ਼ਮੀ ਹੋਏ ਰਮੇਸ਼ ਕੁਮਾਰ ਦੀ ਪਤਨੀ ਅਤੇ ਭਰਾ ਨੇ ਦੱਸਿਆ ਕਿ ਪੰਪ ਮਾਲਕਾਂ ਵੱਲੋਂ ਉਨ੍ਹਾਂ ’ਤੇ ਬਿਜਲੀ ਦੀ ਕੁੰਡੀ ਪਾਉਣ ਦਾ ਕਥਿਤ ਦੋਸ਼ ਲਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਸ ਦਾ ਸਬੂਤ ਪੇਸ਼ ਕਰਨ ਦੀ ਗੱਲ ਆਖੀ ਗਈ ਜਿਸ ’ਤੇ ਝਗੜਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਪ ਮਾਲਕਾਂ ਨੇ ਕਥਿਤ ਤੌਰ ’ਤੇ 15-20 ਸਾਥੀਆਂ ਨਾਲ ਰਲ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਰਮੇਸ਼ ਕੁਮਾਰ, ਉਸ ਦੀ ਪਤਨੀ, ਲੜਕੀ ਅਤੇ ਦੋ ਭਰਾ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਰਮੇਸ਼ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਏ। ਦੂਜੇ ਪਾਸੇ ਪੈਟਰੋਲ ਪੰਪ ਦੇ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਝੁੱਗੀ ਵਸਨੀਕ ਉਨ੍ਹਾਂ ਦੇ ਪੰਪ ਤੋਂ ਬਿਜਲੀ ਦੀ ਤਾਰ ਵਿੱਚ ਕੁੰਡੀ ਪਾਉਂਦੇ ਹਨ ਤੇ ਕਈ ਵਾਰ ਰੋਕਣ ’ਤੇ ਵੀ ਉਹ ਬਾਜ਼ ਨਹੀਂ ਆ ਰਹੇ ਸਨ। ਉਨ੍ਹਾਂ ਨੇ ਝੁੱਗੀ ਵਾਸੀਆਂ ’ਤੇ ਹਮਲੇ ਦਾ ਦੋਸ਼ ਲਗਾਇਆ।
ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ
ਪੜਤਾਲੀਆ ਅਫਸਰ ਏ.ਐੱਸ.ਆਈ. ਸਤਨਾਮ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ।