ਸੰਜੀਵ ਬੱਬੀ
ਚਮਕੌਰ ਸਾਹਿਬ , 14 ਨਵੰਬਰ
ਪੰਜਾਬ ਕਲਾ ਮੰਚ ਵਲੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਲ ਸਾਹਿਬਜ਼ਾਦਿਆਂ ਨੂੰ ਸਮਰਪਿਤ ਚੌਥਾ ਧਾਰਮਿਕ ਪ੍ਰਸ਼ਨ ਉੱਤਰ ਮੁਕਾਬਲੇ ਭਾਈ ਸੰਗਤ ਸਿੰਘ ਦੀਵਾਨ ਹਾਲ ਵਿੱਚ ਕਰਵਾਏ ਗਏ। ਇਸ ਦੀ ਸ਼ੁਰੂਆਤ ਹੈੱਡ ਗ੍ਰੰਥੀ ਭਾਈ ਜਸਵੀਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ। ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਖਾਲਸਾ ਪਬਲਿਕ ਸੀਨੀਅਰ ਸਕੂਲ ਜੰਡ ਸਾਹਿਬ ਦੀਆਂ ਬੱਚੀਆਂ ਵਲੋਂ ਕਵੀਸ਼ਰੀ ਪੇਸ਼ ਕੀਤੀ ਅਤੇ ਕੈਪਟਨ ਹਰਪਾਲ ਸਿੰਘ ਵੱਲੋਂ ਕਵਿਤਾ ਤੇਗ ਰਾਣੀ ਸੀਸ ਮੰਗਦੀ ਪੇਸ਼ ਕੀਤੀ। ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ ਮਾਂਗਟ ਵੱਲੋਂ ਪ੍ਰਸ਼ਨ-ਉੱਤਰ ਮੁਕਾਬਲਿਆਂ ਦਾ ਲਿਫਾਫਾ ਖੋਲ੍ਹ ਕੇ ਮੁਕਾਬਲਿਆਂ ਦੇ ਪੰਜ – ਪੰਜ ਰਾਊਂਡਾਂ ਦੀ ਸ਼ੁਰੂਆਤ ਕਰਵਾਈ, ਜਿਸ ਵਿੱਚ ਅੱਠ ਸਕੂਲਾਂ ਦੇ 44 ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ। ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਖਾਲਸਾ ਸਕੂਲ ਜੰਡ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਨੇ ਹਾਸਿਲ ਕੀਤਾ, ਦੂਜਾ ਸਥਾਨ ਸੰਤ ਬਾਬਾ ਪਿਆਰਾ ਸਿੰਘ ਸਕੂਲ ਅਤੇ ਸੰਤ ਬਾਬਾ ਪਿਆਰਾ ਸਿੰਘ ਸਟੱਡੀ ਫਾਊਂਡੇਸ਼ਨ ਝਾੜ ਸਾਹਿਬ ਨੇ ਪ੍ਰਾਪਤ ਕੀਤਾ ,ਤੀਜਾ ਸਥਾਨ ਸਰਕਾਰੀ ਹਾਈ ਸਕੂਲ ਦੁੱਮਣਾ ਅਤੇ ਹਿਮਾਲਿਆ ਸਕੂਲ ਮੁਜਾਫਤ ਨੇ ਪ੍ਰਾਪਤ ਕੀਤਾ, ਚੌਥਾ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਕੂਲ ਨੇ ਹਾਸਿਲ ਕੀਤਾ ਅਤੇ ਪੰਜਵਾਂ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਨੇ ਹਾਸਲ ਕੀਤਾ। ਜੱਜਾਂ ਦੀ ਭੂਮਿਕਾ ਡਾ. ਰਾਜਪਾਲ ਸਿੰਘ ਚੌਧਰੀ , ਸਾਬਕਾ ਸਰਪੰਚ ਸੋਮ ਸਿੰਘ ਅਤੇ ਸੇਵਾ ਸਿੰਘ ਭੂਰੜੇ ਵਲੋਂ ਨਿਭਾਈ ਗਈ। ਜੇਤੂ ਰਹੇ ਵਿਦਿਆਰਥੀਆਂ ਨੂੰ ਟ੍ਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ।