ਪੱਤਰ ਪ੍ਰੇਰਕ
ਰੂਪਨਗਰ, 11 ਜੁਲਾਈ
ਮੀਆਂਪੁਰ ਰੇਲਵੇ ਸਟੇਸ਼ਨ ਨੇੜੇ ਫਾਟਕ ’ਤੇ ਤਾਇਨਾਤ ਗੇਟਮੈਨ ਬੀਤੇ ਦਿਨ ਤੇਜ਼ ਮੀਂਹ ਕਾਰਨ ਆਏ ਹੜ੍ਹ ਦੇ ਪਾਣੀ ’ਚ ਰੁੜ੍ਹ ਗਿਆ ਤੇ ਉਸ ਦੀ ਮੌਤ ਹੋ ਗਈ। ਥਾਣਾ ਸਿੰਘ ਭਗਵੰਤਪੁਰ ਦੇ ਜਾਂਚ ਅਧਿਕਾਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਮੀਆਂਪੁਰ ਨੇੜੇ ਫਾਟਕ ਨੰਬਰ 15-ਸੀ ’ਤੇ ਤਾਇਨਾਤ ਦਿਨੇਸ਼ ਵਾਸੀ ਹਿਮਾਚਲ ਪ੍ਰਦੇਸ਼ 9 ਜੁਲਾਈ ਨੂੰ ਛੁੱਟੀ ਹੋਣ ਮਗਰੋਂ ਆਪਣੇ ਬਿਮਾਰ ਪਿਤਾ ਦਾ ਪਤਾ ਲੈਣ ਲਈ ਮੁਹਾਲੀ ਨੂੰ ਚੱਲਿਆ ਸੀ। ਜਦੋਂ ਉਹ ਸ਼ੈਮਰੌਕ ਵਰਲਡ ਸਕੂਲ ਸਿੰਘ ਨੇੜੇ ਪੁੱਜਿਆ ਤਾਂ ਲਿੰਕ ਸੜਕ ’ਤੇ ਵਗ ਰਹੇ ਪਾਣੀ ਨੂੰ ਪਾਰ ਕਰਦਿਆਂ ਉਹ ਕਾਰ ਸਮੇਤ ਪਾਣੀ ਵਿੱਚ ਰੁੜ੍ਹ ਗਿਆ। ਉਨ੍ਹਾਂ ਦੱਸਿਆ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।