ਜਗਮੋਹਨ ਸਿੰਘ
ਘਨੌਲੀ, 11 ਨਵੰਬਰ
ਇਥੋਂ ਦੀ ਰੇਲਵੇ ਕਲੋਨੀ ਦੇ ਵਸਨੀਕ ਅਤੇ ਕੀਰਤਪੁਰ ਸਾਹਿਬ ਵਿਚ ਸਟੇਸ਼ਨ ਮਾਸਟਰ ਵੱਜੋਂ ਡਿਊਟੀ ਨਿਭਾ ਰਹੇ ਅਧਿਕਾਰੀ ਨੂੰ ਉੱਤਰ ਪ੍ਰਦੇਸ਼ ਦੀ ਪੁਲੀਸ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ ਹੈ। ਗ੍ਰਿਫ਼ਤਾਰੀ ਸਮੇਂ ਸਟੇਸ਼ਨ ਮਾਸਟਰ ਆਪਣੀ ਰਾਤ ਦੀ ਡਿਊਟੀ ਨਿਭਾਅ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਟੇਸ਼ਨ ਮਾਸਟਰ ਪ੍ਰਣਵ ਸ਼ਰਮਾ ਪੁੱਤਰ ਸ਼੍ਰੀਨਿਵਾਸ ਸ਼ਰਮਾ ਆਪਣੀ ਮਾਤਾ ਨਾਲ ਰੇਲਵੇ ਕਲੋਨੀ ਘਨੌਲੀ ਵਿਚ ਰਹਿੰਦਾ ਹੈ ਅਤੇ ਕੀਰਤਪੁਰ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਤਾਇਨਾਤ ਹੈ। 9 ਅਤੇ 10 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਯੂਪੀ ਪੁਲੀਸ ਸਟੇਸ਼ਨ ਮਾਸਟਰ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ ਤੇ ਉਸ ਸਮੇਂ ਸਟੇਸ਼ਨ ’ਤੇ ਡਿਊਟੀ ਨਿਭਾਅ ਰਹੇ ਹੋਰ ਕਿਸੇ ਕਰਮਚਾਰੀ ਨੂੰ ਯੂਪੀ ਪੁਲੀਸ ਦੀ ਇਸ ਕਾਰਵਾਈ ਦੀ ਭਿਣਕ ਨਹੀਂ ਲੱਗੀ। ਪੁਲੀਸ ਵੱਲੋਂ ਤੜਕੇ ਕਰੀਬ ਤਿੰਨ ਵਜੇ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਕਈ ਘੰਟੇ ਰੱਬ ਆਸਰੇ ਹੀ ਰਿਹਾ। ਜਦੋਂ ਸਟੇਸ਼ਨ ਮਾਸਟਰ ਦੀ ਡਿਊਟੀ ਖਤਮ ਹੋਣ ਵੇਲੇ ਸਾਥੀ ਮੁਲਾਜ਼ਮਾਂ ਨੇ ਵੇਖਿਆ ਕਿ ਸਟੇਸ਼ਨ ਮਾਸਟਰ ਆਪਣੀ ਡਿਊਟੀ ’ਤੇ ਮੌਜੂਦ ਨਹੀਂ ਹੈ ਤਾਂ ਉਨ੍ਹਾਂ ਇੱਧਰ-ਉੱਧਰ ਤਲਾਸ਼ ਕਰਨ ਤੋਂ ਬਾਅਦ ਉਸ ਦੀ ਗੁੰਮਸ਼ੁਦਗੀ ਸਬੰਧੀ ਰੇਲਵੇ ਪੁਲੀਸ ਥਾਣਾ ਆਨੰਦਪੁਰ ਸਾਹਿਬ ਵਿਚ ਰਿਪੋਰਟ ਲਿਖਵਾ ਕੇ ਊਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਕਾਫੀ ਭੱਜ-ਦੌੜ ਉਪਰੰਤ ਪਤਾ ਲੱਗਿਆ ਕਿ ਉਸ ਨੂੰ ਯੂਪੀ ਪੁਲੀਸ ਗ੍ਰਿਫ਼ਤਾਰ ਕਰਕੇ ਲੈ ਗਈ ਹੈ।
ਅਦਾਲਤੀ ਵਾਰੰਟ ਤਹਿਤ ਗ੍ਰਿਫ਼ਤਾਰੀ ਪਾਈ: ਯੂਪੀ ਪੁਲੀਸ
ਉੱਤਰ ਪ੍ਰਦੇਸ਼ ਦੇ ਸਬੰਧਤ ਥਾਣੇ ਤਿਰਵਾ ਦੇ ਸਬ-ਇੰਸਪੈਕਟਰ ਓਮ ਪ੍ਰਕਾਸ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪ੍ਰਣਵ ਸ਼ਰਮਾ ਵਿਰੁੱਧ ਤਿਰਵਾ ਥਾਣੇ ਵਿੱਚ ਧਾਰਾ 498, 323 ਅਤੇ 528 ਅਧੀਨ ਕੇਸ ਦਰਜ ਹੈ ਅਤੇ ਊਸ ਊੱਤੇ ਆਪਣੀ ਪਤਨੀ ਦੀ ਕੁੱਟਮਾਰ ਤੇ ਦਾਜ ਮੰਗਣ ਦਾ ਦੋਸ਼ ਹੈ। ਅਦਾਲਤ ਵੱਲੋਂ ਜਾਰੀ ਵਾਰੰਟ ਦੇ ਆਧਾਰ ’ਤੇ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂਪੀ ਪੁਲੀਸ ਵੱਲੋਂ ਪੁਲੀਸ ਚੌਕੀ ਘਨੌਲੀ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।