ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਮਈ
ਟ੍ਰਾਈਸਿਟੀ ਵਿੱਚ ਬੀਤੀ ਰਾਤ ਹਨੇਰੀ ਅਤੇ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਇੱਥੇ ਕਈ ਥਾਵਾਂ ’ਤੇ ਦਰੱਖਤ ਉਖੜ ਗਏ ਅਤੇ ਸਾਰੀ ਰਾਤ ਬਿਜਲੀ ਸਪਲਾਈ ਗੁੱਲ ਰਹੀ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਸ਼ਹਿਰ ਵਿੱਚ ਲੰਘੀ ਰਾਤ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਜਦਕਿ ਚੰਡੀਗੜ੍ਹ ਏਅਰਪੋਰਟ ਦੇ ਨਜ਼ਦੀਕ ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲੰਘੀ ਰਾਤ ਚੰਡੀਗੜ੍ਹ ਵਿੱਚ 31.8 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਹਨੇਰੀ ਕਰਕੇ ਸ਼ਹਿਰ ਦੇ ਸੈਕਟਰ-33, 34, 41, 46, 8, 9, 7, 20 ਸਣੇ ਹੋਰਨਾਂ ਸੈਕਟਰਾਂ ਵਿੱਚ ਦਰੱਖਤ ਉੱਖੜ ਕੇ ਸੜਕਾਂ ’ਤੇ ਡਿੱਗ ਗਏ ਹਨ। ਕਈ ਥਾਵਾਂ ’ਤੇ ਸੜਕ ਕੰਢੇ ਖੜੀਆਂ ਗੱਡੀਆਂ ’ਤੇ ਦਰਖੱਤ ਡਿੱਗ ਗਏ ਹਨ। ਖੰਬੇ ਅਤੇ ਦਰੱਖਤ ਡਿੱਗਣ ਕਰਕੇ ਕਈ ਇਲਾਕਿਆਂ ਵਿੱਚ ਸਾਰੀ ਰਾਤ ਬਿਜਲੀ ਸਪਲਾਈ ਬੰਦ ਰਹੀ। ਸੈਕਟਰ-20 ਦੇ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਆਲਟੋ ਕਾਰ ’ਤੇ ਦਰੱਖਤ ਦਾ ਵੱਡਾ ਟਾਹਣਾ ਡਿੱਗ ਗਿਆ ਹੈ। ਸੈਕਟਰ-34 ਫਰਨੀਚਰ ਮਾਰਕੀਟ ਦੇ ਪਿੱਛੇ ਸਥਿਤ ਕੋਠੀਆਂ ਵਿੱਚ ਪੰਜ ਕਾਰਾਂ ਨੁਕਸਾਨੀਆਂ ਗਈਆਂ। ਸ਼ਹਿਰ ਦੇ ਜ਼ਿਆਦਾਤਰ ਸਾਈਕਲ ਟਰੈਕ ਦਰੱਖਤਾਂ ਦੇ ਟਾਹਣੇ ਡਿੱਗਣ ਕਾਰਨ ਬਲਾਕ ਹੋ ਗਏ ਹਨ। ਸੈਕਟਰ-33 ਅਤੇ 34 ਨੂੰ ਵੰਡਦੀ ਸੜਕ ਦਾ ਇੱਕ ਪਾਸਾ ਕਈ ਦਰੱਖਤ ਡਿੱਗਣ ਕਾਰਨ ਆਵਾਜਾਈ ਲਈ ਬੰਦ ਰਿਹਾ ਤੇ ਇੱਥੇ ਦੁਪਹਿਰ ਤੱਕ ਵੀ ਆਵਾਜਾਈ ਇੱਕ ਪਾਸੇ ਤੋਂ ਹੀ ਚੱਲਦੀ ਰਹੀ। ਸੈਕਟਰ-33 ਦੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਹਨੇਰੀ ਆਉਣ ਵੇਲੇ ਬਿਜਲੀ ਗੁੱਲ ਹੋ ਗਈ ਸੀ ਜੋ ਸਵੇਰੇ ਅੱਠ ਵਜੇ ਬਹਾਲ ਹੋਈ। ਟਾਹਣੇ ਡਿੱਗਣ ਕਾਰਨ 10 ਕਾਰਾਂ ਦੇ ਸ਼ੀਸ਼ਿਆਂ ’ਚ ਤਰੇੜਾਂ ਆ ਗਈਆਂ ਤੇ ਕਈਆਂ ’ਚ ਚਿੱਬ ਪੈ ਗਏ। ਸੈਕਟਰ-46 ਵਿੱਚ ਬਿਜਲੀ ਸਵੇਰੇ 12 ਵਜੇ ਬਹਾਲ ਹੋ ਸਕੀ ਹੈ ਜਦਕਿ ਸੈਕਟਰ-20 ਵਿੱਚ ਰਾਤ 10.15 ਮਿੰਟ ’ਤੇ ਬਿਜਲੀ ਸਪਲਾਈ ਬੰਦ ਹੋ ਗਈ ਸੀ ਜੋ ਸਵੇਰੇ 9 ਵਜੇ ਤੋਂ ਬਾਅਦ ਸ਼ੁਰੂ ਹੋਈ। ਡੱਡੂਮਾਜਰਾ ਦੇ ਅੱਧੇ ਇਲਾਕੇ ਵਿੱਚ ਦੁਪਹਿਰ ਤੱਕ ਬਿਜਲੀ ਸਪਲਾਈ ਸ਼ੁਰੂ ਨਹੀਂ ਹੋ ਸਕੀ ਸੀ।
ਯੂਟੀ ਪ੍ਰਸ਼ਾਸਨ ਦੇ ਬਿਜਲੀ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਅਨਿਲ ਧਮੀਜਾ ਨੇ ਦੱਸਿਆ ਕਿ ਲੰਘੀ ਰਾਤ ਹਨੇਰੀ ਕਰਕੇ 60 ਦੇ ਕਰੀਬ ਕੰਬੇ ਟੁੱਟ ਗਏ ਹਨ ਜਦਕਿ ਦਰੱਖਤ ਡਿੱਗਣ ਕਰਕੇ 30 ਦੇ ਕਰੀਬ ਲਾਈਨਾਂ ਬੰਦ ਹੋ ਗਈਆਂ ਹਨ।
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਮੁਹਾਲੀ ਵਿੱਚ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਦਰੱਖ਼ਤ ਟੁੱਟ ਕੇ ਮਕਾਨਾਂ ਅਤੇ ਵਾਹਨਾਂ ਉੱਤੇ ਡਿੱਗ ਗਏ। ਖੰਭੇ ਟੁੱਟਣ ਕਾਰਨ ਬਿਜਲੀ ਵੀ ਗੁੱਲ ਹੋ ਗਈ ਜਦਕਿ ਮਕਾਨਾਂ ਦੀਆਂ ਛੱਤਾਂ ਉੱਤੇ ਰੱਖੀਆਂ ਟੈਂਕੀਆਂ ਤੱਕ ਉੱਡ ਗਈਆਂ ਅਤੇ ਦੁਕਾਨਾਂ ਦੇ ਅੱਗੇ ਲੱਗੇ ਮਸ਼ਹੂਰੀ ਬੋਰਡ ਵੀ ਟੁੱਟ ਗਏ ਪਰ ਰਾਤ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫੇਜ਼-9 ਵਿੱਚ ਲਗਪਗ 17 ਘੰਟੇ ਬਿਜਲੀ ਗੁੱਲ ਰਹੀ ਜਦਕਿ ਫੇਜ਼-2 ਵਿੱਚ ਵੀ ਅਜਿਹਾ ਹੀ ਹਾਲ ਸੀ। ਫੇਜ਼-3ਬੀ1, ਫੇਜ਼-3ਬੀ2, ਫੇਜ਼-3ਏ ਅਤੇ ਫੇਜ਼-5 ਸਮੇਤ ਹੋਰ ਇਲਾਕਿਆਂ ਵਿੱਚ ਵੀ ਦਰੱਖ਼ਤ ਅਤੇ ਖੰਭੇ ਟੁੱਟਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਡਾ. ਕਮਲ ਗਰਗ ਅਤੇ ਕੌਂਸਲਰ ਬਲਜੀਤ ਕੌਰ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਸੈਕਟਰ-70 ਦੇ ਕਈ ਹਿੱਸਿਆਂ ਵਿੱਚ ਰਾਤ ਗੁੱਲ ਹੋਈ ਬਿਜਲੀ ਅੱਜ ਦਿਨ ਵਿੱਚ ਵੀ ਨਹੀਂ ਆਈ।
ਮੇਅਰ ਰਵੀ ਕਾਂਤ ਨੇ ਲਿਆ ਨੁਕਸਾਨ ਦਾ ਜਾਇਜ਼ਾ
ਮੀਂਹ ਅਤੇ ਝੱਖੜ ਕਰਕੇ ਵੱਖ-ਵੱਖ ਸੈਕਟਰਾਂ ਵਿੱਚ ਦਰੱਖਤ ਉਖੜ ਕੇ ਸੜਕਾਂ ’ਤੇ ਡਿੱਗ ਗਏ ਸਨ ਜਿਸ ਕਰਕੇ ਆਵਾਜਾਈ ਬਹੁਤ ਪ੍ਰਭਾਵਿਤ ਹੋਈ। ਸ਼ਹਿਰ ਵਿੱਚ ਜਨਤਕ ਪ੍ਰਾਪਰਟੀ ਦਾ ਵੀ ਕਾਫ਼ੀ ਨੁਕਸਾਨ ਹੋਇਆ। ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਰਵੀ ਕਾਂਤ ਸ਼ਰਮਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸ਼ਹਿਰ ਦਾ ਦੌਰਾ ਕੀਤਾ ਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਨਿਗਮ ਮੁਲਾਜ਼ਮਾਂ ਨੂੂੰ ਸ਼ਹਿਰ ਦੀਆਂ ਸੜਕਾਂ ਸਾਫ਼ ਕਰਨ ਅਤੇ ਟੁੱਟੇ ਦਰੱਖਤਾਂ ਬਾਰੇ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ।
ਸੈਕਟਰ 37 ਵਿੱਚ ਦਰੱਖਤ ਡਿੱਗਣ ਕਾਰਨ 40 ਤੋਤੇ ਮਰੇ
ਚੰਡੀਗੜ੍ਹ: ਸੈਕਟਰ-37 ਵਿੱਚ ਸਥਿਤ ਦਰੱਖਤ ’ਤੇ ਰਹਿੰਦੇ 40 ਦੇ ਕਰੀਬ ਤੋਤੇ ਦਰੱਖਤ ਤੋਂ ਡਿੱਗਣ ਕਾਰਨ ਮਰ ਗਏ। ਇਸ ਬਾਰੇ ਜਾਣਕਾਰੀ ਮਿਲਦੇ ਹੀ ਯੂਟੀ ਪ੍ਰਸ਼ਾਸਨ ਦੀ ਟੀਮ ਨੇ ਮ੍ਰਿਤਕ ਤੋਤਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉੱਧਰ ਵਾਤਾਵਰਣ ਪ੍ਰੇਮਿਆਂ ਦਾ ਕਹਿਣਾ ਹੈ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਦਰੱਖਤਾਂ ਦੀ ਸੰਭਾਲ ਅਤੇ ਦਰੱਖਤਾਂ ’ਤੇ ਰਹਿੰਦੇ ਪੰਛੀਆਂ ਦੀ ਦੇਖਭਾਲ ਵਿੱਚ ਧਿਆਨ ਦੇਣਾ ਚਾਹੀਦਾ ਹੈ। -ਟਨਸ
ਪੰਚਕੂਲਾ: ਹਾਊਸਿੰਗ ਸੁਸਾਇਟੀ ਵਿੱਚ ਲੋਕਾਂ ਦੇ ਘਰਾਂ ’ਚ ਪਾਣੀ ਵੜਿਆ
ਪੰਚਕੂਲਾ (ਪੀ.ਪੀ. ਵਰਮਾ): ਰਾਤ ਸਮੇਂ ਆਏ ਝੱਖੜ ਨੇ ਪੰਚਕੂਲਾ ਵਿੱਚ ਭਾਰੀ ਤਬਾਹੀ ਮਚਾਈ ਹੈ। ਸੈਕਟਰ-9 ਦੇ ਇੱਕ ਸਕੂਲ ਦੇ ਬਾਹਰ ਕੰਧ ਡਿੱਗਣ ਕਾਰਨ ਅੱਧੀ ਦਰਜਨ ਤੋਂ ਵੱਧ ਖੜ੍ਹੀਆਂ ਕਾਰਾਂ ਤਬਾਹ ਹੋ ਗਈਆਂ। ਹਨੇਰੀ ਕਾਰਨ ਦਰੱਖਤ ਡਿੱਗ ਪਏ, ਕਈ ਦਰੱਖਤ ਬਿਜਲੀ ਦੀਆਂ ਤਾਰਾਂ ਉੱਤੇ ਡਿੱਗ ਪਏ ਜਿਸ ਕਾਰਨ ਸ਼ਹਿਰ ’ਚ ਕਾਫੀ ਦੇਰ ਤੱਕ ਹਨੇਰਾ ਛਾਇਆ ਰਿਹਾ। ਹਾਊਸਿੰਗ ਸੁਸਾਇਟੀਆਂ, ਸੈਕਟਰ-20 ਅਤੇ ਐਮਡੀਸੀ ਦੇ ਫਲੈਟਾਂ ਵਿੱਚ ਪਾਣੀ ਵੜ ਗਿਆ। ਜਾਣਕਾਰੀ ਅਨੁਸਾਰ ਚੰਡੀਮੰਦਰ ਇਲਾਕੇ ਵਿੱਚ ਵੀ ਇੱਕ ਕੰਧ ਡਿੱਗ ਗਈ। ਇੱਕ ਤੋਂ ਡੇਢ ਘੰਟੇ ਵਿੱਚ 30 ਐੱਮਐੱਮ ਬਰਸਾਤ ਰਿਕਾਰਡ ਕੀਤੀ ਗਈ। ਹਾਊਸਿੰਗ ਸੁਸਾਇਟੀ ਦੀਆਂ ਲਿਫਟਾਂ ਪਾਣੀ ਆ ਜਾਣ ਕਾਰਨ ਖੜ੍ਹ ਗਈਆਂ।