ਕਰਮਜੀਤ ਸਿੰਘ ਚਿੱਲਾ
ਬਨੂੜ, 7 ਅਕਤੂਬਰ
ਬਨੂੜ ਖੇਤਰ ਵਿੱਚ ਵੀਰਵਾਰ ਰਾਤ ਨੂੰ ਪਈ ਬਾਰਿਸ਼ ਨੇ ਝੋਨੇ ਦੀ ਕਟਾਈ ਅਤੇ ਖਰੀਦ ਦੇ ਚੱਲਦੇ ਕੰਮ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਮੀਂਹ ਕਾਰਨ ਬਨੂੜ ਮੰਡੀ ਵਿੱਚ ਵਿਕਰੀ ਲਈ ਆਏ ਝੋਨੇ ਦੀਆਂ ਕੱਚੇ ਫੜ੍ਹਾਂ ਉੱਤੇ ਪਈਆਂ ਅਨੇਕਾਂ ਢੇਰੀਆਂ ਥੱਲੇ ਪਾਣੀ ਭਰ ਗਿਆ। ਵਿਕੇ ਹੋਏ ਝੋਨੇ ਦੀਆਂ ਬੋਰੀਆਂ ਦੀਆਂ ਕਈਂ ਢੇਰੀਆਂ ਵੀ ਮੀਂਹ ਨਾਲ ਭਿੱਜ ਗਈਆਂ।
ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ ਤੇ ਜੱਗੀ ਕਰਾਲਾ ਦੀ ਅਗਵਾਈ ਹੇਠਲੀ ਟੀਮ ਨੇ ਸਵੇਰੇ ਮੰਡੀ ਦਾ ਦੌਰਾ ਕੀਤਾ। ਕਿਸਾਨ ਆਗੂਆਂ ਨੇ ਆਖਿਆ ਕਿ ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਦਾ ਝੋਨਾ ਭਿੱਜਿਆ ਹੈ। ਮੰਡੀ ਵਿੱਚ ਤਿਰਪਾਲਾਂ ਦੀ ਘਾਟ ਅਤੇ ਕੱਚੇ ਫੜ੍ਹਾਂ ਕਾਰਨ ਝੋਨੇ ਦੀਆਂ ਢੇਰੀਆਂ ਥੱਲੇ ਪਾਣੀ ਵੜ ਗਿਆ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਪਾਣੀ ਦੇ ਨਿਕਾਸ ਪ੍ਰਬੰਧ ਵੀ ਠੀਕ ਨਹੀਂ ਹਨ ਅਤੇ ਪਾਣੀ ਕੱਢਣ ਲਈ ਲਗਾਈਆਂ ਹੋਈਆਂ ਮੋਟਰਾਂ ਵੀ ਸਮੇਂ ਸਿਰ ਨਹੀਂ ਚਲਾਈਆਂ ਜਾਂਦੀਆਂ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਕੋਲੋਂ ਮੰਡੀ ਵਿੱਚ ਪੂਰੇ ਪ੍ਰਬੰਧਾਂ ਦੀ ਮੰਗ ਕੀਤੀ। ਮੀਂਹ ਕਾਰਨ ਕਟਾਈ ਬੰਦ ਹੋਣ ਕਾਰਨ ਅੱਜ ਮੰਡੀ ਵਿੱਚ ਸਿਰਫ਼ ਤਿੰਨ ਚਾਰ ਟਰਾਲੀਆਂ ਹੀ ਵਿਕਰੀ ਲਈ ਪਹੁੰਚੀਆਂ। ਮੀਂਹ ਕਾਰਨ ਇੱਥੇ ਪਈਆਂ ਝੋਨੇ ਦੀਆਂ ਢੇਰੀਆਂ ਵਿੱਚ ਨਮੀ ਦੀ ਮਾਤਰਾ ਵੱਧਣ ਕਾਰਨ ਅੱਜ ਖਰੀਦ ਵੀ ਨਾ ਮਾਤਰ ਹੀ ਹੋਈ। ਪਿੰਡ ਚੰਗੇਰਾ ਦਾ ਇੱਕ ਕਿਸਾਨ ਆਪਣੇ ਮੀਂਹ ਨਾਲ ਭਿੱਜੀ ਝੋਨੇ ਦੀਆਂ ਢੇਰੀ ਨੂੰ ਮੰਡੀ ਤੋਂ ਵਾਪਸ ਲੈ ਗਿਆ। ਇਸੇ ਦੌਰਾਨ ਮਾਰਕੀਟ ਕਮੇਟੀ ਬਨੂੜ ਨੇ ਮੰਡੀ ਦੇ ਸਮੁੱਚੇ ਆੜ੍ਹਤੀਆਂ ਨੂੰ ਵਿਕਰੀ ਲਈ ਆਈਆਂ ਢੇਰੀਆਂ ਅਤੇ ਖਰੀਦੇ ਹੋਏ ਝੋਨੇ ਨੂੰ ਢਕਣ ਲਈ ਲੋੜੀਂਦੀਆਂ ਤਿਰਪਾਲਾਂ ਤਿਆਰ ਰੱਖਣ ਦੀ ਹਦਾਇਤ ਕੀਤੀ।