ਸਰਬਜੀਤ ਸਿੰਘ ਭੱਟੀ
ਲਾਲੜੂ, 24 ਜਨਵਰੀ
ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਲਾਲੜੂ ਖੇਤਰ ਦੇ ਦਰਜਨਾਂ ਪਿੰਡਾਂ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਸੈਂਕੜੇ ਏਕੜ ਕਣਕ, ਆਲੂ, ਟਮਾਟਰ, ਮਟਰ ਤੇ ਸਰ੍ਹੋਂ ਦੀ ਫ਼ਸਲ ਬਰਬਾਦ ਹੋ ਗਈ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੇ ਸਥਾਨਕ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਇਲਾਕੇ ਦੇ ਕਿਸਾਨ ਆਗੂ ਚੌਧਰੀ ਸੁਰਿੰਦਰਪਾਲ ਸਿੰਘ, ਰਣਧੀਰ ਸਿੰਘ ਮਲਕਪੁਰ, ਨੰਬਰਦਾਰ ਹਰਪਾਲ ਸਿੰਘ ਭੁੱਖੜੀ, ਸਾਬਕਾ ਸਰਪੰਚ ਰਣਜੀਤ ਸਿੰਘ ਧਰਮਗੜ੍ਹ, ਸੰਜੀਵ ਕੁਮਾਰ ਨੀਟੂ, ਜਸਵੀਰ ਸਿੰਘ ਨਗਲਾ, ਓ.ਪੀ. ਸ਼ਰਮਾ ਹੰਡੇਸਰਾ, ਦੀਪ ਚੰਦ ਮਲਕਪੁਰ ਤੇ ਲਖਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਹੋਈ ਭਰਵੀਂ ਬਾਰਿਸ਼ ਕਾਰਨ ਕਣਕ ਦੀ ਫਸਲ ਸਣੇ ਸਬਜ਼ੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਕਈ ਪਿੰਡਾਂ ਵਿੱਚ ਅਜੇ ਵੀ ਮੀਂਹ ਦਾ ਪਾਣੀ ਸੜਕਾਂ ਉੱਪਰੋਂ ਲੰਘ ਰਿਹਾ ਹੈ, ਜੋ ਕਰੀਬ ਇਕ ਹਫਤੇ ਤੱਕ ਖੇਤਾਂ ਵਿੱਚ ਖੜ੍ਹਾ ਰਹੇਗਾ। ਇਸ ਨਾਲ ਫਸਲ ਪੀਲੀ ਹੋ ਗਈ ਹੈ।
ਇਲਾਕੇ ਵਿੱਚ ਸੈਂਕੜੇ ਏਕੜ ਰਕਬੇ ਵਿੱਚ ਖੜ੍ਹੀ ਕਣਕ ਦੀ ਫਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਇਸ ਤੋਂ ਇਲਾਵਾ ਪਿਆਜ਼ ਦੀ ਪਨੀਰੀ, ਆਲੂ, ਟਮਾਟਰ ਤੇ ਸਰ੍ਹੋਂ ਦੀ ਫਸਲ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਜਾਣ ਅਤੇ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਾਜ਼ਾ ਤੁਰੰਤ ਕਿਸਾਨਾਂ ਨੂੰ ਦਿੱਤਾ ਜਾਵੇ।
ਫ਼ਤਹਿਗੜ੍ਹ ਸਾਹਿਬ ਇਲਾਕੇ ’ਚ ਵੀ ਫ਼ਸਲਾਂ ਦਾ ਭਾਰੀ ਨੁਕਸਾਨ ਹੋੋੋੋਣ ਦਾ ਦਾਅਵਾ
ਸ੍ਰੀ ਫ਼ਤਹਿਗੜ੍ਹ ਸਾਹਿਬ (ਅਜੈ ਮਲਹੋਤਰਾ): ਇਲਾਕੇ ਵਿਚ ਪਿਛਲੇ ਦੋ ਦਿਨਾਂ ਵਿਚ ਹੋਈ ਭਰਵੀਂ ਬਾਰਿਸ਼ ਨਾਲ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਬਲਜੀਤ ਸਿੰਘ ਭੁੱਟਾ ਨੇ ਅੱਜ ਇਲਾਕੇ ਦੇ ਪਿੰਡਾਂ ਵਿੱਚ ਖੇਤਾਂ ਦਾ ਦੌਰਾ ਕਰਨ ਉਪਰੰਤ ਪਿੰਡ ਸਲੇਮਪੁਰ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਈ ਦਿਨਾਂ ਤੋਂ ਭਾਰੀ ਬਾਰਿਸ਼ ਪੈਣ ਕਾਰਨ ਖੇਤ ਪਾਣੀ ਨਾਲ ਭਰ ਗਏ ਹਨ। ਫ਼ਤਹਿਗੜ੍ਹ ਸਾਹਿਬ ਦੇ ਬਲਾਕ ਖੇੜਾ ਵਿੱਚ ਤਕਰੀਬਨ 60 ਪਿੰਡਾਂ ’ਚ ਬਾਰਿਸ਼ ਦੇ ਪਾਣੀ ਨਾਲ ਭਾਰੀ ਨੁਕਸਾਨ ਹੋ ਰਿਹਾ ਹੈ। ਜਿਨ੍ਹਾਂ ਕਿਸਾਨਾਂ ਦੇ ਖੇਤਾਂ ’ਚੋਂ ਪਾਣੀ ਨਹੀਂ ਨਿਕਲ ਰਿਹਾ ਉਨ੍ਹਾਂ ਦੀਆਂ ਫ਼ਸਲਾਂ ਮਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਦੌਰਾ ਕਰ ਕੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਜਿਨ੍ਹਾਂ ਰਸਤਿਆਂ ਰਾਹੀਂ ਪਾਣੀ ਦੀ ਆਮਦ ਹੈ ਉੱਥੇ ਜ਼ਮੀਨਾਂ ਦੀ ਖਰੀਦ ਕਰ ਕੇ ਡਰੇਨਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਅਜਿਹੀ ਕੁਦਰਤੀ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਹੋ ਸਕੇ।