ਹਰਜੀਤ ਸਿੰਘ
ਜ਼ੀਰਕਪੁਰ, 25 ਜਨਵਰੀ
ਇਥੇ ਲੰਘੇ ਦਿਨੀਂ ਪਏ ਭਰਵੇਂ ਮੀਂਹ ਨੇ ਸ਼ਹਿਰ ਦੀ ਹਾਲਤ ਵਿਗਾੜ ਦਿੱਤੀ ਹੈ। ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਥਾਂ ਥਾਂ ਪਾਣੀ ਭਰ ਗਿਆ ਹੈ। ਸ਼ਹਿਰ ਦੀਆਂ ਵੱਖ ਵੱਖ ਸੜਕਾਂ ’ਤੇ ਚਿੱਕੜ ਹੋ ਗਿਆ ਹੈ। ਲੋਕਾਂ ਦਾ ਆਪਣੇ ਘਰਾਂ ਤੋਂ ਨਿਕਲਣਾ ਔਖਾ ਹੋਇਆ ਪਿਆ ਹੈ। ਬਲਟਾਣਾ ਅਤੇ ਢਕੋਲੀ ਖੇਤਰ ਵਿੱਚ ਸੜਕਾਂ ਦੀ ਮਾੜੀ ਹਾਲਤ ਕਰ ਕੇ ਹਾਦਸਿਆਂ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਜ਼ੀਰਕਪੁਰ ਵਿੱਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਬਣੀ ਹੋਈ ਹੈ। ਥੋੜਾ ਜਿਹਾ ਮੀਂਹ ਪੈਣ ’ਤੇ ਸ਼ਹਿਰ ਦੀਆਂ ਸੜਕਾਂ ਛੱਪੜ ਦਾ ਰੂਪ ਧਾਰ ਲੈਂਦੀਆਂ ਹਨ। ਸ਼ਹਿਰ ਵਿੱਚੋਂ ਲੰਘ ਰਹੀ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ, ਜ਼ੀਰਕਪੁਰ ਪਟਿਆਲਾ ਸੜਕ ਅਤੇ ਜ਼ੀਰਕਪੁਰ ਪੰਚਕੂਲਾ ਵਰਗੀ ਮੁੱਖ ਸੜਕਾਂ ਤੋਂ ਇਲਾਵਾ ਸ਼ਹਿਰ ਦੀਆਂ ਅੰਦਰੂਨੀ ਅਤੇ ਪਿੰਡਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ। ਢਕੋਲੀ ਖੇਤਰ ਵਿੱਚ ਜ਼ਿਆਦਾਤਰ ਸੜਕਾਂ ’ਤੇ ਕੋਈ ਨਾ ਕੋਈ ਕੰਮ ਦੇ ਚਲਦਿਆਂ ਥਾਂ ਥਾਂ ਖੁਦਾਈ ਕੀਤੀ ਹੋਈ ਹੈ। ਮੀਂਹ ਮਗਰੋਂ ਥਾਂ ਥਾਂ ਲੱਗੇ ਮਿੱਟੀ ਦੇ ਢੇਰਾਂ ਕਾਰਨ ਚਿੱਕੜ ਪੈਦਾ ਹੋ ਗਿਆ ਹੈ। ਢਕੋਲੀ ਨੂੰ ਮੁਬਾਰਿਕਪੁਰ ਰਾਹੀਂ ਡੇਰਾਬੱਸੀ ਨਾਲ ਜੋੜਨ ਵਾਲੀ ਮੁੱਖ ਸੜਕ, ਢਕੋਲੀ ਨੂੰ ਪੀਰਮੁਛੱਲਾ ਨਾਲ ਜੋੜਨ ਵਾਲੀ ਡੀਪੀਐਸ ਸਕੂਲ ਵਾਲੀ ਸੜਕ ਤੋਂ ਇਲਾਵਾ ਗਾਜ਼ੀਪੁਰ ਵਿੱਚ ਵਸੀ ਰਿਹਾਇਸ਼ੀ ਸੁਸਾਇਟੀਆਂ ਦੀਆਂ ਸੜਕਾਂ ਸਣੇ ਬਲਟਾਣਾ ਖੇਤਰ ਦੀਆਂ ਸੜਕਾਂ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ।
ਲੋਹਗੜ੍ਹ ਖੇਤਰ ਵਿੱਚ ਵੀ ਸੜਕਾਂ ਦੀ ਹਾਲਤ ਖਸਤਾ ਹੋ ਗਈ ਹੈ। ਲੋਕਾਂ ਨੇ ਨਗਰ ਕੌਂਸਲ ਤੋਂ ਸ਼ਹਿਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਤੋਂ ਇਲਾਵਾ ਸੜਕਾਂ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਕਾਰਜਸਾਧਕ ਅਫ਼ਸਰ?
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ ਵੱਖ ਖੇਤਰਾਂ ਵਿੱਚ ਵਿਕਾਸ ਕਾਰਜਾਂ ਕਾਰਨ ਖ਼ੁਦਾਈ ਕੀਤੀ ਹੋਈ ਹੈ, ਜਿਥੇ ਬੇਮੌਸਮੀ ਬਰਸਾਤ ਕਾਰਨ ਚਿੱਕੜ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਤੋਂ ਇਲਾਵਾ ਨਵੇਂ ਸਿਰੇ ਤੋਂ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਹੋ ਜਾਵੇਗੀ।