ਮਿਹਰ ਸਿੰਘ
ਕੁਰਾਲੀ, 20 ਅਗਸਤ
ਮਾਸਟਰ ਕੇਡਰ ਤੋਂ ਲੈਕਚਰਾਰਾਂ ਦੀਆਂ ਪਦਉੱਨਤੀਆਂ ਤੇ ਹੋਰ ਮੰਗਾਂ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਹਿਮ ਅੱਜ ਡਾਇਰੈਕਟਰ ਸਿੱਖਿਆ ਵਿਭਾਗ (ਸ) ਪਰਮਜੀਤ ਸਿੰਘ ਨਾਲ ਹੋਈ। ਮੀਟਿੰਗ ਦੌਰਾਨ ਡਾਇਰੈਕਟਰ ਨੇ ਲੈਕਚਰਾਰਾਂ ਦੀਆਂ ਤਰੱਕੀ ਸੂਚੀਆਂ ਜਲਦੀ ਜਾਰੀ ਕਰਨ ਅਤੇ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਲਈ ਪੋਰਟਲ ਵੀ ਅੱਜ ਹੀ ਖੋਲ੍ਹਣ ਦਾ ਵਾਅਦਾ ਕੀਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਅਤੇ ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ ਸਮੀਰੋਵਾਲ ਦੀ ਸਾਂਝੀ ਅਗਵਾਈ ਵਿੱਚ ਡਾਇਰੈਕਟਰ ਪਰਮਜੀਤ ਸਿੰਘ (ਪੀਸੀਐਸ) ਨਾਲ ਹੋਈ ਇਸ ਮੀਟਿੰਗ ਸਬੰਧੀ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵਲੋਂ ਲੈਕਚਾਰਾਂ ਦੀਆਂ ਤਰੱਕੀਆਂ ਤੇ ਅਧਿਆਪਕਾਂ ਦੀਆਂ ਹੋਰ ਮੰਗਾਂ ਅਧਿਕਾਰੀਆਂ ਅੱਗੇ ਰੱਖੀਆਂ। ਡਾਇਰੈਕਟਰ ਪਰਮਜੀਤ ਸਿੰਘ ਨੇ ਭਰੋਸਾ ਦਿੱਤਾ ਕਿ 21 ਅਗਸਤ ਨੂੰ ਕੁਝ ਵਿਸ਼ਿਆਂ ਦੇ ਲੈਕਰਚਾਰਾਂ ਦੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਅਤੇ ਲੈਕਚਰਾਰਾਂ ਦੀਆਂ ਤਰੱਕੀਆਂ ਦਾ ਸਾਰਾ ਕੰਮ 31 ਅਗਸਤ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਇਸ ਤੋਂ ਇਲਾਵਾ ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀਆਂ ਪਦਉੱਨਤੀਆਂ ਵੀ ਜਲਦੀ ਕਰਨ ਦਾ ਭਰੋਸਾ ਦਿੱਤਾ। ਇਸੇ ਦੌਰਾਨ ਆਗੂਆਂ ਨੇ ਸਰਬ ਸਿੱਖਿਆ ਅਭਿਆਨ ਅਤੇ ਰਮਸਾ ਦੇ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਨੂੰ ਤੁਰੰਤ ਲੈਂਥ ਆਫ਼ ਸਰਵਿਸ ਦੇ ਆਧਾਰ ’ਤੇ ਬਣਦੀਆਂ 15 ਅਚਨਚੇਤ ਛੁੱਟੀਆਂ ਦੇਣ ਦੀ ਮੰਗ ਕੀਤੀ। ਇਸ ’ਤੇ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਫਾਈਲ ਪ੍ਰਵਾਨਗੀ ਲਈ ਸਿੱਖਿਆ ਮੰਤਰੀ ਕੋਲ ਭੇਜੀ ਗਈ ਹੈ ਅਤੇ ਜਲਦੀ ਹੀ ਪੱਤਰ ਜਾਰੀ ਹੋ ਜਾਵੇਗਾ। ਇਸ ਤੋਂ ਇਲਾਵਾ ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਨੂੰ ਐੱਸਐੱਸ ਦੀ ਪੋਸਟਾਂ ਤੇ ਬਦਲੀਆਂ ਵਿਚਾਰਨ, ਵਿੱਤੀ ਮੰਗਾਂ ਅਤੇ 3704, 2392 ਤੇ 4161 ਕੈਟਾਗਰੀਆਂ ਦੇ ਅਧਿਆਪਕਾਂ ਨੂੰ ਪੂਰਾ ਤਨਖਾਹ ਸਕੇਲ ਬਹਾਲ ਕਰਨ ਸੰਬੰਧੀ ਮਸਲੇ ਵਿੱਤ ਮੰਤਰੀ ਨਾਲ ਮਿਲਕੇ ਜਲਦੀ ਹੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੂਪਨਗਰ ਬਲਜਿੰਦਰ ਸ਼ਾਂਤਪੁਰੀ, ਅਰਜਿੰਦਰ ਸਿੰਘ ਕਲੇਰ ਅੰਮ੍ਰਿਤਸਰ, ਗੁਰਮੇਜ ਕਲੇਰ, ਸੁਖਦੇਵ ਕਾਜਲ, ਹਰਭਜਨ ਸਿੰਘ ਹੁਸ਼ਿਆਰਪੁਰ ਆਦਿ ਹਾਜ਼ਰ ਸਨ।