ਹਰਜੀਤ ਸਿੰਘ
ਡੇਰਾਬੱਸੀ, 21 ਅਪਰੈਲ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਹਲਕੇ ਦੀ ਸਮੱਸਿਆਵਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਵਿਜੈ ਸਿੰਗਲਾ ਨਾਲ ਮੁਲਾਕਾਤ ਕੀਤੀ ਅੇ ਪ੍ਰਦੂਸ਼ਣ ਸਣੇ ਹੋਰ ਸਮੱਸਿਆਵਾਂ ਦੇ ਹੱਲ ਮੰਗ ਕੀਤੀ ਹੈ।
ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਚੰਡੀਗੜ੍ਹ ’ਚ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਜਾ ਕੇ ਸ੍ਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਹਲਕੇ ਡੇਰਾਬੱਸੀ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਵੱਲੋਂ ਡੇਰਾਬੱਸੀ ਦੇ ਹਸਪਤਾਲ ਵਿੱਚ 30 ਬੈੱਡਾਂ ਦਾ ਹਰ ਵਿਸਤਾਰ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ, ਜਿਸ ਦਾ ਐਲਾਨ ਛੇਤੀ ਕਰ ਦਿੱਤਾ ਜਾਏਗਾ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿੱਚ ਥਾਂ ਦੀ ਕਮੀ ਨੂੰ ਦੂਰੀ ਕਰਨ ਲਈ ਇਸ ਦੇ ਨਾਲ ਲੱਗਦੀ ਬੀਡੀਪੀਓ ਦਫਤਰ ਵਾਲੀ ਥਾਂ ਨੂੰ ਨਾਲ ਰਲਾਉਣ ਬਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਲਾਲੜੂ ਅਤੇ ਜ਼ੀਰਕਪੁਰ ਹਸਪਤਾਲ ਨੂੰ ਅਪਗ੍ਰੇਡ ਕਰ ਸਹੂਲਤਾਂ ਦੇਣ ਸਣੇ ਹਲਕੇ ਵਿੱਚ ਪ੍ਰਦੂਸ਼ਣ ਦੀ ਸਮੱਸਿਆਵਾਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਰੰਧਾਵਾ ਨੇ ਦੱਸਿਆ ਕਿ ਮੁੱਖ ਮੰਤਰੀ ਮਾਨ ਨੇ ਖੇਤਰ ਵਿੱਚ ਸਨਅਤਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੀ ਸਮੱਸਿਆ ਦੇ ਛੇਤੀ ਹੱਲ ਦਾ ਭਰੋਸਾ ਦਿੱਤਾ ਹੈ।
ਪ੍ਰਦੂਸ਼ਣ ਮਾਮਲਾ: ਵਿਧਾਇਕ ਵੱਲੋਂ ਫੈਕਟਰੀ ਮਾਲਕਾਂ ਨੂੰ ਤਾੜਨਾ
ਲਾਲੜੂ (ਪੱਤਰ ਪ੍ਰੇਰਕ): ਇਲਾਕੇ ਵਿੱਚ ਪ੍ਰਦੁਸ਼ਣ ਦੀ ਸਮੱਸਿਆ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵੱਲੋਂ ਪ੍ਰਮੁੱਖਤਾ ਨਾਲ ਛਾਪੀ ਖ਼ਬਰ ਦਾ ਨੋਟਿਸ ਲੈਂਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਖੇਤਰ ਵਿੱਚ ਪੈਂਦੀਆਂ ਫੈਕਟਰੀਆਂ ਅਤੇ ਨਾਹਰ ਕੰਪਨੀ ਦਾ ਦੌਰਾ ਕੀਤਾ ਹੈ। ਉਨ੍ਹਾਂ ਨੇ ਕੰਪਨੀਆਂ ਦੀ ਚਿਮਨੀਆਂ ’ਚੋਂ ਨਿਕਲ ਰਹੇ ਧੂੰਏਂ ਨਾਲ ਰਾਖੀ ਅਤੇ ਬਰਸਾਤੀ ਨਦੀਆਂ ਤੇ ਚੋਆਂ ਵਿੱਚ ਛੱਡੇ ਜਾ ਰਹੇ ਕੈਮੀਕਲ ਵਾਲੇ ਪਾਣੀ ਕਾਰਨ ਲੋਕਾਂ ਦੇ ਜੀਵਨ ’ਤੇ ਪੈ ਰਹੇ ਪ੍ਰਭਾਵ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਕੰਪਨੀਆਂ ਨੂੰ ਤਾੜਨਾ ਕੀਤੀ ਕਿ ਕਿਸੇ ਨੂੰ ਵੀ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਰੰਧਾਵਾ ਨੇ ਕਿਹਾ ਕਿ ਪ੍ਰਦੁਸ਼ਣ ਦੇ ਨਾਲ ਸਾਹ ਅਤੇ ਛਾਤੀ ਦੀ ਬਿਮਾਰੀਆਂ ਦੇ ਨਾਲ ਅੰਨ੍ਹੇਪਣ ਦੇ ਮਰੀਜ਼ਾਂ ਦੀ ਤਦਾਦ ਵਧਦੀ ਜਾ ਰਹੀ ਹੈ। ਫੈਕਟਰੀਆਂ ਅਤੇ ਕੈਮੀਕਲ ਉਦਯੋਗ ਨੇਮਾਂ ਨੂੰ ਕਥਿਤ ਛਿੱਕੇ ਟੰਗ ਕੇ ਪ੍ਰਦੂਸ਼ਣ ਫੈਲਾਅ ਰਹੇ ਹਨ। ਉਨ੍ਹਾਂ ਕੰਪਨੀਆਂ ਦੇ ਪ੍ਰਬੰਧਕਾ ਨੂੰ ਤਾੜਨਾ ਕੀਤੀ ਤੇ ਕਿਹਾ ਕਿ ਪ੍ਰਦੁਸ਼ਣ ਫੈਲਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।