ਹਰਜੀਤ ਸਿੰਘ
ਜ਼ੀਰਕਪੁਰ, 28 ਮਈ
ਪੁਲੀਸ ਨੇ ਨਾਬਾਲਗ ਵਿਦਿਆਰਥਣ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੀੜਤ ਲੜਕੀ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਧੀ ਨੌਵੀਂ ਕਲਾਸ ਵਿੱਚ ਪੜ੍ਹਦੀ ਹੈ। ਬੀਤੇ ਦਿਨ ਉਹ ਸਕੂਲ ਗਈ ਸੀ ਪਰ ਘਰ ਨਹੀਂ ਪਰਤੀ। ਸਵੇਰ ਉਸ ਦੀ ਧੀ ਘਰ ਆਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਸਕੂਲ ਜਾਂਦੇ ਹੋਏ ਰੌਸ਼ਨ ਲਾਲ ਵਾਸੀ ਰੁੜਕਾ ਬਸਤੀ ਚਾਂਦੀਪੁਰ, ਜੋ ਲੰਘੇ ਦਿਨੀਂ ਉਨ੍ਹਾਂ ਦੇ ਘਰ ਲੱਕੜ ਦਾ ਕੰਮ ਕਰ ਕੇ ਗਿਆ ਸੀ, ਉਸ ਨੂੰ ਘੁੰਮਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਕਾਲਕਾ ਰੋਡ ’ਤੇ ਸਥਿਤ ਹੋਟਲ ਵਿੱਚ ਉਸ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ। ਇਸ ਮਗਰੋਂ ਮੁਲਜ਼ਮ ਪੀੜਤ ਲੜਕੀ ਨੂੰ ਘਰ ਦੇ ਬਾਹਰ ਛੱਡ ਕੇ ਮਾਮਲੇ ਬਾਰੇ ਕਿਸੇ ਨੂੰ ਨਾ ਦੱਸਣ ’ਤੇ ਉਸ ਦੇ ਮਾਪਿਆਂ ਨੂੰ ਮਾਰ ਦੇਣ ਦੀ ਧਮਕੀ ਦੇ ਕੇ ਫ਼ਰਾਰ ਹੋ ਗਿਆ। ਥਾਣਾ ਮੁਖੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।