ਆਤਿਸ਼ ਗੁਪਤਾ
ਚੰਡੀਗੜ੍ਹ, 13 ਜੁਲਾਈ
ਇੱਥੋਂ ਦੇ ਸੈਕਟਰ-36 ਵਿੱਚ ਸਥਿਤ ਇਸਕਾਨ ਮੰਦਰ ਵਿੱਚੋਂ ਭਗਵਾਨ ਜਗਨਨਾਥ ਦੀ 38ਵੀਂ ਰੱਥ ਯਾਤਰਾ ਕੱਢੀ ਗਈ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਭਗਵਾਨ ਜਗਨਨਾਥ ਦੀ ਪੂਜਾ ਕੀਤੀ ਅਤੇ ਰੱਥ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ੍ਰੀ ਪੁਰੋਹਿਤ ਨੇ ਰੱਥ ਦੇ ਮੂਹਰੇ ਸੋਨੇ ਦੇ ਝਾੜੂ ਨਾਲ ਸਫਾਈ ਕੀਤੀ ਅਤੇ ਰੱਥ ਵੀ ਖਿੱਚਿਆ।
ਸ੍ਰੀ ਪੁਰੋਹਿਤ ਨੇ ਕਿਹਾ ਕਿ ਭਗਵਤ ਗੀਤਾ ਨੇ ਅਨੇਕਾਂ ਲੋਕਾਂ ਦੀ ਜ਼ਿੰਦਗੀ ਨੂੰ ਸਵਾਰ ਦਿੱਤਾ ਹੈ। ਇਸ ਲਈ ਭਗਵਤ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਦੇ ਦਿਖਾਏ ਰਾਹ ’ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ। ਉਨ੍ਹਾਂ ਨੇ ਇਸਕਾਨ ਸੁਸਾਇਟੀ ਵੱਲੋਂ ਭਗਵਤ ਗੀਤਾ ਦਾ ਦੁਨੀਆ ਭਰ ਵਿੱਚ ਪ੍ਰਚਾਰ-ਪ੍ਰਸਾਰ ਕਰਨ ਦੀ ਸ਼ਲਾਘਾ ਕੀਤੀ। ਇਸ ਰੱਥ ਯਾਤਰਾ ਵਿੱਚ ਵੱਡੀ ਗਿਣਤੀ ’ਚ ਸ਼ਹਿਰ ਦੇ ਲੋਕ ਪਹੁੰਚੇ, ਜਿਨ੍ਹਾਂ ਨੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਸੰਜੈ ਟੰਡਨ ਨੇ ਇਸਕਾਨ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਟੰਡਨ ਨੇ ਸਮਾਜ ਦੀ ਸ਼ਾਂਤੀ, ਏਕਤਾ ਤੇ ਆਪਸੀ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ। ਇਹ ਰੱਥ ਯਾਤਰਾ ਦੁਪਹਿਰ ਸਮੇਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਗੁਜ਼ਰੀ, ਜਿਸ ਤੋਂ ਬਾਅਦ ਦੇਰ ਸ਼ਾਮ ਸੈਕਟਰ-36 ਵਿੱਚ ਸਥਿਤ ਇਸਕਾਨ ਮੰਦਰ ਵਿਖੇ ਹੀ ਸਮਾਪਤ ਕੀਤੀ ਗਈ।