ਮੁਕੇਸ਼ ਕੁਮਾਰ
ਚੰਡੀਗੜ੍ਹ, 8 ਜਨਵਰੀ
ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਅੱਜ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਵਿੱਚ ਭਾਜਪਾ ਦੇ ਕੌਂਸਲਰ ਜੇਤੂ ਰਹੇ। ਮੇਅਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਰਵੀ ਕਾਂਤ ਸ਼ਰਮਾ ਨੂੰ 17 ਅਤੇ ਕਾਂਗਰਸ ਦੇ ਉਮੀਦਵਾਰ ਦਵਿੰਦਰ ਸਿੰਘ ਬਬਲਾ ਨੂੰ 5 ਵੋਟ ਮਿਲੇ ਜਦੋਂ ਕੇ ਦੋ ਵੋਟ ਰੱਦ ਹੋਏ। ਮੇਅਰ ਦੀ ਚੋਣ ਤੋਂ ਬਾਅਦ ਅੱਜ ਨਵੇਂ ਚੁਣੇ ਗਏ ਮੇਅਰ ਰਵੀਕਾਂਤ ਸ਼ਰਮਾ ਨੇ ਮੇਅਰ ਦੀ ਕੁਰਸੀ ਸੰਭਾਲੀ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣਾਂ ਕਰਵਾਈਆਂ। ਜਿਵੇਂ ਹੀ ਸੀਨੀਅਰ ਡਿਪਟੀ ਮੇਅਰ ਲਈ ਵੋਟਿੰਗ ਸ਼ੁਰੂ ਹੋਈ ਤਾਂ ਕਾਂਗਰਸੀ ਕੌਂਸਲਰਾਂ ਨੇ ਚੋਣ ਅਧਿਕਾਰੀ ’ਤੇ ਚੋਣਾਂ ਦੌਰਾਨ ਪਾਰਦਰਸ਼ਤਾ ਨਾ ਵਰਤਣ ਨੂੰ ਲੈ ਕੇ ਵੋਟਿੰਗ ਦਾ ਬਾਈਕਾਟ ਕਰ ਦਿੱਤਾ ਅਤੇ ਨਿਗਮ ਸਦਨ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ’ਤੇ ਮਹੇਸ਼ਇੰਦਰ ਸਿੰਘ ਸਿੱਧੂ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਫਰਮਿਲਾ ਨੇ 19 ਵੋਟਾਂ ਨਾਲ ਇਕ ਤਰਫਾ ਜਿੱਤ ਹਾਸਲ ਕੀਤੀ।
ਕਾਂਗਰਸ ਕੌਂਸਲਰਾਂ ਨੇ ਸੀਨੀਅਰ ਡਿਪਟੀ ਮੇਅਰ ਲਈ ਰਵਿੰਦਰ ਕੌਰ ਗੁਜਰਾਲ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਸਤੀਸ਼ ਕੈਂਥ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਮੇਅਰ ਦੀਆਂ ਚੋਣਾਂ ਦਾ ਬਾਈਕਾਟ ਕੀਤਾ। ਇਸ ਦੇ ਨਾਲ ਹੀ ਭਾਜਪਾ ਕੌਂਸਲਰ ਹੀਰਾ ਨੇਗੀ ਅਤੇ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਸਿਹਤ ਠੀਕ ਨਾ ਹੋਣ ਕਰਕੇ ਇਹਨਾਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇ। ਨਿਗਮ ਦੀਆਂ 27 ਵੋਟਾਂ ਵਿੱਚੋਂ ਅੱਜ ਪਈਆਂ ਕੁੱਲ 24 ਵੋਟਾਂ ਵਿਚੋਂ ਮੇਅਰ ਦੀ ਚੋਣ ਵੇਲੇ 2 ਵੋਟਾਂ ਰੱਦ ਹੋਈਆਂ। ਮੇਅਰ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਕਾਲੇ ਕੱਪੜੇ ਪਹਿਨ ਕੇ ਨਿਗਮ ਸਦਨ ਵਿੱਚ ਪਹੁੰਚੇ ਅਤੇ ਮੰਗ ਕੀਤੀ ਕਿ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਨਿਗਮ ਸਦਨ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਜਾਵੇ। ਇਸ ਤੋਂ ਬਾਅਦ ਉਹ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰਕੇ ਨਿਗਮ ਸਦਨ ਤੋਂ ਬਾਹਰ ਚਲੇ ਗਏ।
ਮੇਅਰ ਦੀਆਂ ਚੋਣਾਂ ਤੋਂ ਨਿਗਮ ਦਫਤਰ ਵਿੱਚ ਨਵੇਂ ਚੁਣੇ ਗਏ ਮੇਅਰ ਰਵੀ ਕਾਂਤ ਸ਼ਰਮਾ ਸਮੇਤ ਸੀਨੀਅਰ ਡਿਪਟੀ ਮੇਅਰ ਮਹੇਸ਼ਇੰਦਰ ਸਿੰਘ ਸਿੱਧੂ ਅਤੇ ਡਿਪਟੀ ਮੇਅਰ ਨੂੰ ਵਧਾਈਆਂ ਦੇਣ ਦਾ ਦੌਰ ਸ਼ੁਰੂ ਹੋ ਗਿਆ। ਭਾਜਪਾ ਦੇ ਚੰਡੀਗੜ੍ਹ ਇੰਚਾਰਜ ਤੇ ਹਰਿਆਣਾ ਤੋਂ ਸੰਸਦ ਮੈਂਬਰ ਦੁਸ਼ਿਯੰਤ ਗੌਤਮ ਨੇ ਮੇਅਰ ਚੁਣੇ ਗਏ ਰਵੀ ਕਾਂਤ ਸ਼ਰਮਾ ਨੂੰ ਮੇਅਰ ਦੀ ਕੁਰਸੀ ’ਤੇ ਬਿਠਾਇਆ। ਇਸ ਮੌਕੇ ਚੰਡੀਗੜ੍ਹ ਭਾਜਪਾ ਤੇ ਪ੍ਰਧਾਨ ਤੇ ਨਿਗਮ ਕੌਂਸਲਰ ਅਰੁਣ ਸੂਦ ਸਮੇਤ ਕੌਂਸਲਰ ਦਵੇਸ਼ ਮੌਦਗਿਲ, ਰਜੇਸ਼ ਕੁਮਾਰ ਬਿੱਟਾ, ਸਾਬਕਾ ਮੇਅਰ ਰਾਜ ਬਾਲਾ ਮਲਿਕ, ਭਾਜਪਾ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ, ਚੰਡੀਗੜ੍ਹ ਵਪਾਰ ਮੰਡਲ ਤੋਂ ਸੰਜੀਵ ਚੱਢਾ ਸਮੇਤ ਹੋਰ ਭਾਜਪਾ ਕੌਂਸਲਰ ਤੇ ਸਮਰਥਕ ਵੀ ਹਾਜ਼ਰ ਸਨ।
ਕਾਂਗਰਸੀ ਕੌਂਸਲਰਾਂ ਵੱਲੋਂ ਚੋਣਾਂ ਦਾ ਬਾਈਕਾਟ
ਮੇਅਰ ਦੀ ਚੋਣ ਵਿੱਚ ਹਿੱਸਾ ਲੈਣ ਤੋਂ ਬਾਅਦ ਕਾਂਗਰਸੀ ਕੌਂਸਲਰਾਂ ਨੇ ਭਾਜਪਾ ’ਤੇ ਲੋਕਤੰਤਰੀ ਪ੍ਰਣਾਲੀ ਦਾ ਘਾਣ ਕਰਨ ਦਾ ਦੋਸ਼ ਲਗਾ ਕੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਹੋਈਆਂ ਚੋਣਾਂ ਦਾ ਬਾਈਕਾਟ ਕੀਤਾ। ਨਿਗਮ ਸਦਨ ਤੋਂ ਬਾਹਰ ਆ ਕੇ ਕਾਂਗਰਸੀ ਕੌਂਸਲਰਾਂ ਨੇ ਸਾਂਝੇ ਤੌਰ ’ਤੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਗਾਇਆ ਕਿ ਭਾਜਪਾ ਕੌਂਸਲਰਾਂ ਨੇ ਮੇਅਰ ਦੀ ਚੋਣਾਂ ਦੌਰਾਨ ਪਬੰਦੀ ਦੇ ਬਾਵਜੂਦ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਮੇਅਰ ਲਈ ਹੋਈ ਵੋਟਿੰਗ ਸਮੇਂ ਮੋਬਾਈਲ ਫੋਨਾਂ ਦਾ ਇਸਤੇਮਾਲ ਕੀਤਾ। ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਹੇ ਹਨ। ਕਾਂਗਰਸੀ ਕੌਂਸਲਰ ਤੇ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਉਮੀਦਵਾਰ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਭਾਜਪਾ ਕੌਂਸਲਰਾਂ ਅੱਜ ਇੱਕ ਤੋਂ ਵੱਧ ਮੋਬਾਈਲ ਫੋਨ ਲੈਕੇ ਆਏ ਸਨ ਅਤੇ ਇੱਕ ਫੋਨ ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾਉਣ ਦਾ ਨਾਟਕ ਕੀਤਾ ਗਿਆ। ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਮੇਅਰ ਸੁਭਾਸ਼ ਚਾਵਲ ਨੇ ਕਿਹਾ ਕਿ ਅੱਜ ਜੇ ਸਦਨ ਭਾਜਪਾ ਦਾ ਹੈ ਤਾਂ ਸੜਕਾਂ ਕਾਂਗਰਸ ਦੀਆਂ ਹਨ। ਉਹਨਾਂ ਕਿਹਾ ਕਿ ਚੰਡੀਗ੍ਹੜ ਕਾਂਗਰਸ ਭਾਜਪਾ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਲਈ ਸੜਕਾਂ ’ਤੇ ਉਤਰੇਗੀ ਅਤੇ ਭਾਜਪਾ ਦੀ ਅਸਲ ਸੱਚਾਈ ਸ਼ਹਿਰ ਦੀ ਜਨਤਾ ਤੱਕ ਪਹੁੰਚਾਈ ਜਾਵੇਗੀ।